ਨਵੀਂ ਦਿੱਲੀ (ਪੀਟੀਆਈ) : ਭਾਰਤ 'ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਦੀ ਰਫ਼ਤਾਰ ਸਭ ਤੋਂ ਤੇਜ਼ ਹੈ। ਭਾਰਤ ਨੇ 109 ਦਿਨਾਂ ਵਿਚ 16 ਕਰੋੜ ਤੋਂ ਜ਼ਿਆਦਾ ਟੀਕੇ ਲਾਏ ਹਨ, ਜਦਕਿ ਇੰਨੇ ਟੀਕੇ ਲਾਉਣ ਵਿਚ ਅਮਰੀਕਾ ਨੂੰ 111 ਅਤੇ ਚੀਨ ਨੂੰ 116 ਦਿਨ ਲੱਗੇ ਸਨ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਮੁਤਾਬਕ, ਹੁਣ ਤਕ 12 ਸੂਬਿਆਂ ਵਿਚ 18-44 ਸਾਲ ਉਮਰ ਵਰਗ ਦੇ 6.71 ਲੱਖ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਬੁੱਧਵਾਰ ਸਵੇਰੇ ਸੱਤ ਵਜੇ ਤਕ ਦੀ ਆਰਜ਼ੀ ਰਿਪੋਰਟ ਮੁਤਾਬਕ, 23,66,249 ਸੈਸ਼ਨਾਂ ਵਿਚ ਹੁਣ ਤਕ ਕੁਲ 16.04 ਕਰੋੜ ਟੀਕੇ ਲਾਏ ਗਏ ਹਨ।

ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਵਿਚ 60 ਸਾਲ ਤੋਂ ਜ਼ਿਆਦਾ ਉਮਰ ਦੇ 5.29 ਕਰੋੜ ਲੋਕਾਂ ਨੂੰ ਪਹਿਲੀ ਅਤੇ 1.23 ਕਰੋੜ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਉਥੇ 45 ਤੋਂ 60 ਸਾਲ ਉਮਰ ਵਰਗ ਦੇ 5.33 ਕਰੋੜ ਲੋਕਾਂ ਨੂੰ ਪਹਿਲੀ ਅਤੇ 44.09 ਲੱਖ ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਇਸੇ ਤਰ੍ਹਾਂ 94.62 ਲੱਖ ਸਿਹਤ ਕਾਮਿਆਂ ਨੂੰ ਪਹਿਲੀ ਅਤੇ 63.22 ਲੱਖ ਨੂੰ ਦੂਜੀ, 1.35 ਕਰੋੜ ਫਰੰਟਲਾਈਨ ਵਰਕਰਾਂ ਨੂੰ ਪਹਿਲੀ ਅਤੇ 73.32 ਲੱਖ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਦੂਜੀ ਖ਼ੁਰਾਕ ਵੀ ਦਿੱਤੀ ਜਾ ਚੁੱਕੀ ਹੈ। ਟੀਕਾਕਰਨ ਮੁਹਿੰਮ ਦੇ 109ਵੇਂ ਦਿਨ ਮੰਗਲਵਾਰ ਨੂੰ ਲਾਭਪਾਤਰੀਆਂ ਨੂੰ ਵੈਕਸੀਨ ਦੀਆਂ 14,84,989 ਖ਼ੁਰਾਕਾਂ ਦਿੱਤੀਆਂ ਗਈਆਂ।