ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਨਗਰੋਟਾ 'ਚ ਪਾਕਿ ਹਮਾਇਤੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ ਦੇ ਬਾਅਦ ਭਾਰਤ ਜਿਸ ਤਰ੍ਹਾਂ ਨਾਲ ਕੌਮਾਂਤਰੀ ਮੰਚ 'ਤੇ ਪਾਕਿਸਤਾਨ ਨੂੰ ਬੇਨਕਾਬ ਕਰ ਰਿਹਾ ਹੈ, ਉਸ ਤੋਂ ਉੱਥੋਂ ਦੇ ਹੁਕਮਰਾਨ ਪਰੇਸ਼ਾਨ ਹਨ। ਇਹ ਪਰੇਸ਼ਾਨੀ ਹੀ ਹੈ ਕਿ ਪਾਕਿਸਤਾਨ ਨੇ ਇਕ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਇਕ ਡੋਜ਼ੀਅਰ ਸੌਂਪ ਕੇ ਭਾਰਤ 'ਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਭਾਰਤ ਨੇ ਇਸ ਕਦਮ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੀ ਕੋਈ ਸਾਖ਼ ਨਹੀਂ ਹੈ। ਉਹ ਪਹਿਲਾਂ ਵੀ ਅਜਿਹੇ ਡੋਜ਼ੀਅਰ ਦੇ ਚੁੱਕਾ ਹੈ, ਜਿਸਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਪਾਕਿ ਦੀ ਅਸਲੀਅਤ ਸਾਹਮਣੇ ਲਿਆਉਂਦੇ ਹੋਏ ਭਾਰਤ ਨੇ ਉਸਨੂੰ ਐਬਟਾਬਾਦ ਦੀ ਵੀ ਯਾਦ ਦਿਵਾਈ, ਜਿੱਥੇ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਅਮਰੀਕੀ ਜਲ ਸੈਨਿਕਾਂ ਨੇ ਮਾਰ ਸੁੱਟਿਆ ਸੀ।

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਕਿਹਾ ਕਿ ਪਾਕਿਸਤਾਨ ਨੇ ਝੂਠ ਦਾ ਪੁਲਿੰਦਾ ਸੌਂਪਿਆ ਹੈ, ਜਿਸਦੀ ਕੋਈ ਸਾਖ਼ ਨਹੀਂ ਹੈ। ਕਾਗਜ਼ਾਤ 'ਚ ਮਨਘੜੰਤ ਬਦਲਾਅ ਕਰ ਕੇ ਉਸਨੂੰ ਪੇਸ਼ ਕਰਨਾ ਤੇ ਗਲਤ ਕਹਾਣੀ ਬਣਾਉਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਪਾਕਿਸਤਾਨ 'ਚ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਸਭ ਤੋਂ ਜ਼ਿਆਦਾ ਅੱਤਵਾਦੀ ਤੇ ਅੱਤਵਾਦੀ ਸੰਗਠਨ ਹਨ। ਤ੍ਰਿਮੂਰਤੀ ਨੇ ਪਾਕਿਸਤਾਨ ਨੂੰ ਐਬਟਾਬਾਦ ਦੀ ਵੀ ਯਾਦ ਦਿਵਾਈ। ਐਬਟਾਬਾਦ 'ਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਅਮਰੀਕੀ ਜਲ ਸੈਨਿਕਾਂ ਨੇ ਮਾਰ ਸੁੱਟਿਆ ਸੀ। ਲਾਦੇਨ ਉੱਥੇ ਕਈ ਸਾਲਾਂ ਤੋਂ ਪਾਕਿਸਤਾਨੀ ਫ਼ੌਜ ਦੇ ਸਿਖਲਾਈ ਸੈਂਟਰ ਤੋਂ ਕੁਝ ਸੌ ਮੀਟਰ ਦੂਰ ਬਣੇ ਇਕ ਸੁਰੱਖਿਅਤ ਟਿਕਾਣੇ 'ਤੇ ਰਹਿ ਰਿਹਾ ਸੀ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਫ਼ੌਜ ਤੇ ਸਰਕਾਰ ਦੀ ਨਿਗਰਾਨੀ ਤੇ ਮਨਜ਼ੂਰੀ ਨਾਲ ਹੀ ਲਾਦੇਨ ਉੱਥੇ ਲੁਕਿਆ ਹੋਇਆ ਸੀ। ਇਸਨੂੰ ਦੁਨੀਆ ਭਰ 'ਚ ਪਾਕਿਸਤਾਨ ਦੇ ਅੱਤਵਾਦ ਹਮਾਇਤੀ ਚਿਹਰੇ ਦੇ ਸਭ ਤੋਂ ਵੱਡੇ ਉਦਾਹਰਣ ਵਜੋਂ ਦੇਖਿਆ ਜਾਂਦਾ ਹੈ।

Posted By: Sunil Thapa