ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੋ ਲੱਖ ਤੋਂ ਪਾਰ ਕਰ ਗਈ ਹੈ। ਮੰਗਲਵਾਰ ਨੂੰ ਅੱਠ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ ਸਵਾ ਦੋ ਸੌ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ, ਬੰਗਾਲ, ਕਰਨਾਟਕ, ਹਰਿਆਣਾ ਤੇ ਤਾਮਿਲਨਾਡੂ 'ਚ ਇਕ ਦਿਨ 'ਚ ਰਿਕਾਰਡ ਨਵੇਂ ਕੇਸ ਮਿਲੇ ਹਨ। ਮਹਾਰਾਸ਼ਟਰ 'ਚ ਦੂਜੀ ਵਾਰ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ 1,98,706 'ਤੇ ਪਹੁੰਚ ਗਈ ਹੈ ਤੇ 5598 ਲੋਕਾਂ ਦੀ ਮੌਤ ਵੀ ਹੋਈ ਹੈ। ਸਿਹਤ ਮੰਤਰਾਲੇ ਤੇ ਹੋਰ ਸ੍ਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਨਾਲ ਕੇਂਦਰੀ ਏਜੰਸੀ ਦੇ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਤੌਰ 'ਤੇ ਅੰਕੜੇ ਇਕੱਠੇ ਕਰਦੀਆਂ ਹਨ। ਕੇਂਦਰੀ ਸਿਹਰਤ ਮੰਤਰਾਲੇ ਦੇ ਅੰਕੜਿਆਂ 'ਚ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਮੰਗਲਵਾਰ ਰਾਤ 10.05 ਵਜੇ ਜਾਰੀ ਪੀਟੀਆਈ ਦੀ ਟੈਲੀ ਮੁਤਾਬਕ ਦੇਸ਼ 'ਚ 8147 ਨਵੇਂ ਮਾਮਲੇ ਸਾਹਮਣੇ ਆਏ ਤੇ ਪੀੜਤਾਂ ਦੀ ਗਿਣਤੀ 2,00321 ਹੋ ਗਈ। ਹੁਣ ਤਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵੀ 99,613 ਹੋ ਗਈ ਹੈ।

ਸਰਗਰਮ ਮਾਮਲੇ 94,969 ਰਹਿ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤਕ 5739 ਲੋਕਾਂ ਦੀ ਜਾਨ ਗਈ ਹੈ। ਮੰਗਲਵਾਰ ਨੂੰ 226 ਲੋਕਾਂ ਦੀ ਜਾਨ ਗਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 103, ਦਿੱਲੀ 'ਚ 33, ਗੁਜਰਾਤ 'ਚ 29, ਤਾਮਿਲਨਾਡੂ 'ਚ 13, ਬੰਗਾਲ 'ਚ 10, ਰਾਜਸਥਾਨ 'ਚ ਚਾਰ, ਜੰਮੂ-ਕਸ਼ਮੀਰ 'ਚ ਤਿੰਨ, ਪੰਜਾਬ 'ਚ ਦੋ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਤੇ ਕੇਰਲ 'ਚ ਇਕ-ਇਕ ਮੌਤ ਹੋਈ ਹੈ।

ਮਹਾਰਾਸ਼ਟਰ 'ਚ ਮਹਾਮਾਰੀ ਮਚਾ ਰਹੀ ਹੈ ਤਬਾਹੀ

ਕੋਰੋਨਾ ਮਹਾਮਾਰੀ ਨਾਲ ਮਹਾਰਾਸ਼ਟਰ 'ਚ ਤਬਾਹੀ ਜਾਰੀ ਹੈ। ਮੰਗਲਵਾਰ ਨੂੰ ਹੋਰ 103 ਲੋਕਾਂ ਦੀ ਮੌਤ ਹੋ ਗਈ ਤੇ 2287 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਪੀੜਤਾਂ ਦਾ ਅੰਕੜਾ 72,300 'ਤੇ ਪਹੁੰਚ ਗਿਆ ਤੇ ਹੁਣ ਤਕ 2465 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਗੁਜਰਾਤ 'ਚ ਵੀ ਇਨਫੈਕਸ਼ਨ ਰੁਕਦੀ ਨਜ਼ਰ ਨਹੀਂ ਆ ਰਹੀ। 415 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 17,632 ਹੋ ਗਈ ਹੈ। ਸੂਬੇ 'ਚ ਹੁਣ ਤਕ 1092 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਤਾਮਿਲਨਾਡੂ-ਕੇਰਲ 'ਚ ਡੂੰਘਾ ਹੋਇਆ ਸੰਕਟ

ਤਾਮਿਲਨਾਡੂ ਤੇ ਕੇਰਲ 'ਚ ਵੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਮਿਲਨਾਡੂ 'ਚ ਲਗਾਤਾਰ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕੇਰਲ 'ਚ ਵੀ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਤਾਮਿਲਨਾਡੂ 'ਚ 1091 ਨਵੇਂ ਕੇਸਾਂ ਨਾਲ ਪੀੜਤਾਂ ਦੀ ਗਿਣਤੀ 25 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਜਦੋਂਕਿ 86 ਨਵੇਂ ਮਾਮਲਿਆਂ ਦੇ ਨਾਲ ਕੇਰਲ 'ਚ ਵੀ 1412 ਪੀੜਤ ਹਨ।


ਉੱਤਰ ਪ੍ਰਦੇਸ਼ 'ਚ 8500 ਤੋਂ ਜ਼ਿਆਦਾ ਪੀੜਤ

ਉੱਤਰ ਪ੍ਰਦੇਸ਼ 'ਚ ਮੰਗਲਵਾਰ ਨੂੰ 171 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 8532 ਹੋ ਗਈ ਹੈ। ਬਿਹਾਰ 'ਚ 104 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 4069 ਹੋ ਗਈ ਹੈ। 273 ਨਵੇਂ ਕੇਸਾਂ ਨਾਲ ਰਾਜਸਥਾਨ 'ਚ ਹੁਣ ਤਕ 9373 ਮਰੀਜ਼ ਸਾਹਮਣੇ ਆ ਚੁੱਕੇ ਹਨ। ਓਡੀਸ਼ਾ 'ਚ ਵੀ 141 ਨਵੇਂ ਮਾਮਲੇ ਮਿਲੇ ਹਨ। ਸੂਬੇ 'ਚ ਹੁਣ ਤਕ ਸਾਹਮਣੇ ਆਏ ਪੀੜਤਾਂ ਦੀ ਗਿਣਤੀ 2245 ਹੋ ਗਈ ਹੈ।


ਹਰਿਆਣਾ ਤੇ ਬੰਗਾਲ 'ਚ ਇਨਫੈਕਸ਼ਨ ਨੇ ਫੜੀ ਰਫ਼ਤਾਰ

ਬੰਗਾਲ ਤੋਂ ਲੈ ਕੇ ਹਰਿਆਣਾ ਦੇ ਦੱਖਣੀ ਭਾਰਤ ਦੇ ਸੂਬੇ ਕਰਨਾਟਕ 'ਚ ਵੀ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਹੀ ਹੈ। ਹਰਿਆਣਾ 'ਚ 296 ਨਵੇਂ ਮਾਮਲੇ ਸਾਹਮਣੇ ਆਏ ਤੇ ਮਰੀਜ਼ਾਂ ਦੀ ਗਿਣਤੀ 2652 ਹੋ ਗਈ। 396 ਨਵੇਂ ਕੇਸਾਂ ਨਾਲ ਬੰਗਾਲ 'ਚ ਇਨਫੈਕਟਿਡਾਂ ਦੀ ਗਿਣਤੀ 5772 ਹੋ ਗਈ ਹੈ ਤੇ ਕਰਨਾਟਕ 'ਚ ਵੀ 388 ਮਰੀਜ਼ਾਂ ਨਾਲ ਪੀੜਤਾਂ ਦੀ ਗਿਣਤੀ 3796 ਹੋ ਗਈ ਹੈ। ਮੱਧ ਪ੍ਰਦੇਸ਼ 'ਚ 8420, ਉਤਰਾਖੰਡ 'ਚ 1045 ਤੇ ਜੰਮੂ-ਕਸ਼ਮੀਰ 'ਚ 2718 ਪੀੜਤ ਸਾਹਮਣੇ ਆ ਚੁੱਕੇ ਹਨ।

Posted By: Amita Verma