ਨਵੀਂ ਦਿੱਲੀ, ਏਜੰਸੀਆਂ : ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਦੱਖਣੀ ਭਾਰਤ 'ਚ ਵੱਧਦੇ ਮਾਮਲਿਆਂ ਨਾਲ ਦੇਸ਼ 'ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਮੰਗਲਵਾਰ ਨੂੰ 23 ਲੱਖ ਨੂੰ ਪਾਰ ਕੇ ਗਈ। ਹਾਲਾਂਕਿ ਕੋਰੋਨਾ ਦੇ ਵੱਧਦੇ ਮਾਮਲਿਆਂ 'ਚ ਭਾਰਤ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜੀ ਨਾਲ ਵੱਧ ਰਹੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ 16 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਉਬਰਨ ਦੀ ਦਰ ਕਰੀਬ 70 ਫੀਸਦੀ ਹੋ ਗਈ ਹੈ, ਜਦਕਿ ਮੌਤ ਦਰ ਦੋ ਫੀਸਦੀ ਤੋਂ ਵੀ ਹੇਠ ਆ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 60,963 ਨਵੇਂ ਪ੍ਰਭਾਵਿਤ ਕੇਸ ਮਿਲੇ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 23 ਲੱਖ 29 ਹਜ਼ਾਰ 639 ਹੋ ਗਈ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 16 ਲੱਖ 39 ਹਜ਼ਾਰ 600 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ 'ਚ ਕੋਰੋਨਾ ਦੇ 6 ਲੱਖ 43 ਹਜ਼ਾਰ 948 ਐਕਟਿਵ ਮਾਮਲੇ ਬਚੇ ਹਨ। ਕੋਰੋਨਾ ਮਹਾਮਾਰੀ ਦੇ ਚੱਲਦੇ ਹੁਣ ਤਕ ਦੇਸ਼ਭਰ 'ਚ 46,091 ਮਰੀਜ਼ਾਂ ਦੀ ਜਾਣ ਵੀ ਜਾ ਚੁੱਕੀ ਹੈ।

ਆਈਲੀਐੱਮਆਰ ਅਨੁਸਾਰ 11 ਅਗਸਤ ਤਕ ਕੋਰੋਨਾ ਵਾਇਰਸ ਲਈ 2 ਕਰੋੜ 60 ਲੱਖ 15 ਹਜ਼ਾਰ 297 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 7 ਲੱਖ 33 ਹਜ਼ਾਰ 449 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ 31 ਮਾਰਚ ਨੂੰ 88.83 ਫੀਸਦੀ ਐਕਟਿਵ ਮਾਮਲਿਆਂ ਦੀ ਤੁਲਨਾ 'ਚ ਇਸ ਸਮੇਂ ਉਨ੍ਹਾਂ ਦੀ ਗਿਣਤੀ 28.21 ਫੀਸਦੀ ਰਹਿ ਗਈ ਹੈ। ਇਨ੍ਹਾਂ 'ਚੋਂ ਇਕ ਫੀਸਦੀ ਤੋਂ ਵੀ ਘੱਟ ਮਰੀਜ਼ ਵੈਂਟੀਲੇਟਰ 'ਤੇ ਹਨ ਜਦਕਿ ਤਿੰਨ ਫੀਸਦੀ ਤੋਂ ਘੱਟ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਆਈਸੀਯੂ 'ਚ ਚਾਰ ਫੀਸਦੀ ਤੋਂ ਘੱਟ ਮਰੀਜ਼ ਹਨ।

Posted By: Rajnish Kaur