ਨਵੀਂ ਦਿੱਲੀ, ਏਐੱਨਆਈ : ਚੀਨ ਦੇ ਨਾਲ ਐੱਲਏਸੀ 'ਤੇ ਜਾਰੀ ਤਣਾਅ 'ਚ ਬੁੱਧਵਾਰ ਨੂੰ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਸੰਸਦ 'ਚ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਭਾਰਤ-ਚੀਨ ਸਰਹੱਦ 'ਤੇ ਕੋਈ ਘੁਸਪੈਠ ਨਹੀਂ ਹੋਈ ਹੈ। ਰਾਜ ਸਭਾ ਸੰਸਦ ਮੈਂਬਰ ਡਾ. ਅਨਿਲ ਅਗਰਵਾਲ ਦੁਆਰਾ ਪੁੱਛੇ ਗਏ ਇਕ ਪ੍ਰਸ਼ਨ ਦੇ ਲਿਖਤ ਉੱਤਰ 'ਚ ਗ੍ਰਹਿ ਮੰਤਰਾਲੇ ਦੇ ਰਾਜ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਵਾਦੀ 'ਚ ਕੋਈ ਵੱਡੀ ਘਟਨਾ ਹੋਈ ਹੈ।

ਆਪਣੇ ਜਵਾਬ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਇਸ ਸਾਲ ਹੁਣ ਤਕ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਅੱਤਵਾਦੀ 47 ਵਾਰ ਘੁਸਪੈਠ ਦੀ ਕੋਸ਼ਿਸ਼ ਕਰ ਚੁੱਕੇ ਹਨ। ਉਨ੍ਹ੍ਹਾਂ ਨੇ ਕਿਹਾ ਕਿ ਫਰਵਰੀ 'ਚ ਇਕ ਵੀ ਘਟਨਾ ਨਹੀਂ ਹੋਈ ਮਾਰਚ 'ਚ 4 ਵਾਰ ਘੁਸਪੈਠ ਦੀ ਕੋਸ਼ਿਸ਼, ਅਪ੍ਰੈਲ ਸਭ ਤੋਂ ਜ਼ਿਆਦਾ 24 ਵਾਰ ਘੁਸਪੈਠ ਦੀ ਕੋਸ਼ਿਸ਼ ਮਈ 'ਚ 8 ਵਾਰ ਜੂਨ 'ਚ ਇਕ ਵੀ ਘਟਨਾ ਨਹੀਂ ਹੋਈ ਤੇ ਜੁਲਾਈ ਮਹੀਨੇ ਵੱਧ ਕੇ ਇਹ 11 ਹੋ ਗਈ।

ਉਨ੍ਹਾਂ ਨੇ ਦੱਸਿਆ ਕਿ 5 ਅਗਸਤ 2019 ਤੋਂ ਬਾਅਦ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਕਾਫੀ ਕਮੀ ਆਈ ਹੈ। 5 ਅਗਸਤ ਤੋਂ ਪਹਿਲਾਂ ਭਾਵ 29 ਜੂਨ 2018 ਤੋਂ 4 ਅਗਸਤ 2019 ਤਕ ਵਾਦੀ 'ਚ ਅੱਤਵਾਦੀ ਹਮਲਿਆਂ ਦੀਆਂ 455 ਘਟਨਾਵਾਂ ਸਾਹਮਣੇ ਆਈਆਂ ਹਨ ਜਦਕਿ 5 ਅਗਸਤ 2019 ਤੋਂ 9 ਸਤੰਬਰ 2020 ਤਕ ਅੱਤਵਾਦੀ ਹਮਲਿਆਂ ਦੀਆਂ 211 ਘਟਨਾਵਾਂ ਸਾਹਮਣੇ ਆਈਆਂ ਹਨ।

ਕੇਂਦਰੀ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੇਡੀ ਨੇ ਕਿਹਾ ਕਿ ਐੱਨਆਈਏ ਦੀ ਜਾਂਚ 'ਚ ਪਤਾ ਚੱਲਿਆ ਹੈ ਕਿ ਇਸਲਾਮਿਕ ਸਟੇਟ ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਯੂਪੀ, ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਸਭ ਤੋਂ ਜ਼ਿਆਦਾ ਸਰਗਰਮ ਹਨ।

Posted By: Ravneet Kaur