ਏਐਨਆਈ, ਨਵੀਂ ਦਿੱਲੀ : ਲਾਈਨ ਆਫ ਐਕਚੂਅਲ ਕੰਟਰੋਲ ’ਤੇ ਚੀਨ ਦੇ ਨਾਲ ਸਰਹੱਦ ਵਿਵਾਦ ਨੂੰ ਸੁਲਝਾਉਣ ਲਈ ਦੋਵੇਂ ਦੇਸ਼ਾਂ ਵਿਚ ਕਮਾਂਡਰ ਲੇਵਲ ਦੀ ਗੱਲਬਾਤ ਚੱਲ ਰਹੀ ਹੈ। ਭਾਰਤੀ ਸੈਨਾ ਦੇ ਸੂਤਰਾਂ ਮੁਤਾਬਕ ਇਹ ਮੀਟਿੰਗ ਚੁਸ਼ੂਲ ਵਿਚ ਹੋ ਰਹੀ ਹੈ। ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚ ਚੱਲ ਰਹੇ ਤਣਾਅ ਦਾ ਹੱਲ ਕੱਢਣ ਦੇ ਲਿਹਾਜ਼ ਨਾਲ ਸੈਨਾ ਪੱਧਰ ’ਤੇ ਇਸ ਵਾਰਤਾ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੋਵੇਂ ਪੱਖ ਆਪਣੇ ਆਪਣੇ ਵੱਲੋਂ ਚੁੱਕੇ ਕਦਮਾਂ ਬਾਰੇ ਇਕ ਦੂਜੇ ਨੂੰ ਜਾਣਕਾਰੀ ਦੇਣਗੇ।

ਇਸ ਮੀਟਿੰਗ ਵਿਚ ਭਾਰਤੀ ਸੈਨਾ ਦੀ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਹਨ।। ਚੀਨੀ ਸੈਨਾ ਵੱਲੋਂ ਤਿਬੱਤ ਮਿਲਟਰੀ ਡਿਸਟ੍ਰਕਟ ਕਮਾਨ ਦੇ ਕਮਾਂਡਰ ਇਸ ਵਿਚ ਸ਼ਾਮਲ ਹਨ। ਕਮਾਂਡਰ ਪੱਧਰ ਦੀਆਂ ਦੋ ਪਹਿਲੀਆਂ ਮੀਟਿੰਗਾਂ 6 ਅਤੇ 22 ਜੂਨ ਨੂੰ ਚੁਸ਼ੂਲ ਦੇ ਨੇਡ਼ੇ ਚੀਨ ਦੇ ਇਲਾਕੇ ਮੋਲਡੋ ਵਿਚ ਹੋਈ ਸੀ।

15 ਜੂਨ ਨੂੰ ਗਲਵਾਨ ਘਾਟੀ ਦੇ ਖੂਨੀ ਸੰਘਰਸ਼ ਨਾਲ ਵਧੇ ਤਣਾਅ ਤੋਂ ਬਾਅਦ ਭਾਰਤ ਨੇ ਆਪਣੇ ਰੁਖ਼ ਨੂੰ ਸਖ਼ਤ ਕਰਦੇ ਚੀਨ ਨੂੰ ਸਾਫ਼ ਕਰ ਦਿੱਤਾ ਹੈ ਕਿ ਤਣਾਅ ਘਟਾਉਣ ਲਈ ਮਈ ਤੋਂ ਪਹਿਲਾਂ ਪੁਰਾਣੇ ਹਾਲਾਤ ਬਹਾਲ ਕਰਨੇ ਹੋਣਗੇ। ਭਾਰਤ ਦੇ ਰੁਖ਼ ਤੋਂ ਸਾਫ਼ ਹੈ ਕਿ ਗਲਵਾਨ ਘਾਟੀ, ਫਿੰਗਰ ਚਾਰ ਤੋਂ ਅੱਠ ਇਲਾਕਿਆਂ ਤੋਂ ਚੀਨੀ ਸੈਨਿਕਾਂ ਦੇ ਪਿਛੇ ਹਟਣ ਦੀ ਸਥਿਤੀ ਵਿਚ ਹੀ ਐਲਏਸੀ ਦਾ ਗਤੀਰੋਧ ਖਤਮ ਕਰਨ ਦਾ ਰਸਤਾ ਨਿਕਲੇਗਾ।

Posted By: Tejinder Thind