ਨਵੀਂ ਦਿੱਲੀ (ਪੀਟੀਆਈ) : ਭਾਰਤ ਨੇ ਪਾਕਿਸਤਾਨ ਤੋਂ ਵਾਹਗਾ 'ਚ ਪਿਛਲੇ ਪੰਜ ਮਹੀਨੇ ਤੋਂ ਖੜ੍ਹੀ ਸਮਝੌਤਾ ਐਕਸਪ੍ਰੈੱਸ ਦੇ ਡੱਬੇ ਵਾਪਸ ਕਰਨ ਲਈ ਕਿਹਾ ਹੈ। ਧਾਰਾ 370 ਰੱਦ ਕੀਤੇ ਜਾਣ ਦੇ ਬਾਅਦ ਦੋਵੇਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਆ ਗਿਆ। ਇਸਦੇ ਬਾਅਦ ਤੋਂ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ। ਰੇਲਵੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਨੂੰ ਇਸ ਸਬੰਧ 'ਚ ਅਪੀਲ ਕੀਤੀ ਹੈ।

ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਸਾਡੀ (ਰੇਲਵੇ) ਅਪੀਲ 'ਤੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਿੰਨੀ ਛੇਤੀ ਹੋ ਸਕੇ, ਉਹ ਟ੍ਰੇਨ ਦੇ ਸਾਡੇ ਡੱਬੇ ਵਾਪਸ ਕਰੇ।' ਟ੍ਰੇਨ ਦੇ ਡੱਬੇ ਆਖ਼ਰੀ ਵਾਰੀ ਅਗਸਤ, 2019 ਨੂੰ ਇਸਤੇਮਾਲ ਕੀਤਾ ਗਿਆ ਸੀ। ਪਾਕਿਸਤਾਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵਾਹਗਾ ਸਰਹੱਦ 'ਤੇ ਸਮਝੌਤਾ ਐਕਸਪ੍ਰੈੱਸ ਟ੍ਰੇਨ ਰੋਕ ਦਿੱਤੀ ਸੀ ਤੇ 117 ਯਾਤਰੀ ਫਸ ਗਏ ਸਨ। ਟ੍ਰੇਨ ਨੂੰ ਦੁਪਹਿਰ 12.30 ਵਜੇ ਅਟਾਰੀ ਪਹੁੰਚਣਾ ਸੀ, ਪਰ ਉਹ ਸ਼ਾਮ 5.15 ਵਜੇ ਪਹੁੰਚੀ ਜਦੋਂ ਭਾਰਤੀ ਰੇਲ ਨੇ ਟ੍ਰੇਨ ਤੇ ਆਪਣੇ ਯਾਤਰੀਆਂ ਨੂੰ ਵਾਹਗਾ ਸਰਹੱਦ ਤੋਂ ਅਟਾਰੀ ਲਿਆਉਣ ਲਈ ਆਪਣਾ ਇੰਜਣ, ਚਾਲਕ ਟੀਮ ਦੇ ਮੈਂਬਰਾਂ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਭੇਜਿਆ।

ਜ਼ਿਕਰਯੋਗ ਹੈ ਕਿ ਸਮਝੌਤਾ ਐਕਸਪ੍ਰੈੱਸ ਟ੍ਰੇਨ ਚਲਾਉਣ ਲਈ ਦੋਵੇਂ ਦੇਸ਼ ਛੇ ਮਹੀਨੇ 'ਚ ਇਕ ਦੂਜੇ ਦੇ ਰੇਲ ਦੇ ਡੱਬਿਆਂ ਦੀ ਵਰਤੋਂ ਕਰਦੇ ਹਨ। ਪਾਕਿਸਤਾਨ ਦੇ ਡੱਬੇ ਜੁਲਾਈ ਤੋਂ ਦਸੰਬਰ ਤਕ ਇਸਤੇਮਾਲ ਕੀਤੇ ਜਾਂਦੇ ਹਨ। ਆਮ ਤੌਰ 'ਤੇ ਟ੍ਰੇਨ ਦੇ ਡੱਬੇ ਉਸੇ ਦਿਨ ਜਾਂ ਇਕ ਰਾਤ ਤੋਂ ਬਾਅਦ ਵਾਪਸ ਕਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਕਿ ਭਾਰਤ ਦੇ ਡੱਬੇ ਪਾਕਿਸਤਾਨ 'ਚ ਪੰਜ ਮਹੀਨੇ ਤੋਂ ਫਸੇ ਹੋਏ ਹਨ। ਸ਼ਿਮਲਾ ਸਮਝੌਤੇ ਦੇ ਬਾਅਦ ਜੁਲਾਈ 1976 'ਚ ਸਮਝੌਤਾ ਐਕਸਪ੍ਰੈੱਸ ਟ੍ਰੇਨ ਸੇਵਾ ਦੀ ਸ਼ੁਰੂਆਤ ਹੋਈ ਸੀ।