ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਪੂਰਬੀ ਲੱਦਾਖ ਸਥਿਤ ਅਸਲ ਕੰਟਰੋਲ ਲਾਈਨ (ਐੱਲਏਸੀ) 'ਤੇ ਬਣੇ ਫ਼ੌਜੀ ਤਣਾਅ ਨੂੰ ਖ਼ਤਮ ਕਰਨ ਵਿਚ ਜੁਟੇ ਭਾਰਤ ਤੇ ਚੀਨ ਦਰਮਿਆਨ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਹੁਣ ਉਹ ਸਰਹੱਦ 'ਤੇ ਹੋਰ ਸੈਨਿਕਾਂ ਦੀ ਤਾਇਨਾਤੀ ਨਹੀਂ ਕਰਨਗੇ। ਇਹ ਸਹਿਮਤੀ ਸੋਮਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਕਰੀਬਨ 14 ਘੰਟੇ ਤਕ ਚੱਲੀ ਕਮਾਂਡਰ ਪੱਧਰ ਦੀ ਗੱਲਬਾਤ 'ਚ ਬਣੀ। 10 ਸਤੰਬਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ਵਿਚ ਹੋਈ ਗੱਲਬਾਤ 'ਚ ਪੰਜ ਮੁੱਦਿਆਂ 'ਤੇ ਬਣੀ ਸਹਿਮਤੀ ਪਿੱਛੋਂ ਇਹ ਪਹਿਲੀ ਸੈਨਿਕ ਗੱਲਬਾਤ ਸੀ। ਦੋਵਾਂ ਧਿਰਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ ਜੋ ਇਸ ਗੱਲ ਦੀ ਸੂਚਕ ਹੈ ਕਿ ਮਾਹੌਲ ਵਿਚ ਕੁਝ ਸੁਧਾਰ ਹੋਇਆ ਹੈ। ਹਾਲਾਂਕਿ ਇਸ ਨਾਲ ਸਮੁੱਚੇ ਪੂਰਬੀ ਲੱਦਾਖ ਵਿਚ ਫ਼ੌਜੀ ਤਣਾਅ ਘੱਟ ਕਰਨ 'ਚ ਮਦਦ ਮਿਲੇਗੀ, ਇਹ ਕਹਿਣਾ ਜਲਦਬਾਜ਼ੀ ਹੋਵੇਗੀ।

ਸਾਂਝੇ ਬਿਆਨ ਮੁਤਾਬਕ ਭਾਰਤ ਤੇ ਚੀਨ ਦਰਮਿਆਨ ਫ਼ੌਜੀ ਕਮਾਂਡਰ ਪੱਧਰ ਦੇ ਛੇਵੇਂ ਦੌਰ ਦੀ ਗੱਲਬਾਤ ਹੋਈ ਹੈ। ਦੋਵਾਂ ਧਿਰਾਂ ਵਿਚ ਖੁੱਲ੍ਹੇ ਮਾਹੌਲ ਵਿਚ ਤੇ ਐੱਲਏਸੀ 'ਤੇ ਹਾਲਾਤ ਨੂੰ ਸਥਿਰ ਬਣਾਉਣ ਸਬੰਧੀ ਬਹੁਤ ਹੀ ਗਹਿਰਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਸਾਂਝੇ ਬਿਆਨ ਵਿਚ ਉਨ੍ਹਾਂ ਗੱਲਾਂ ਦਾ ਜ਼ਿਕਰ ਹੈ ਜਿਨ੍ਹਾਂ 'ਤੇ ਸਹਿਮਤੀ ਬਣੀ ਹੈ। ਇਹ ਹਨ ਗਰਾਊਂਡ ਯਾਨੀ ਵਿਵਾਦ ਵਾਲੀ ਥਾਂ 'ਤੇ ਸੰਵਾਦ ਨੂੰ ਵਧਾਉਣਾ, ਇਕ-ਦੂਜੇ ਨੂੰ ਲੈ ਕੇ ਗ਼ਲਤਫਹਿਮੀ ਤੋਂ ਦੂਰ ਰਹਿਣਾ, ਫਰੰਟ ਲਾਈਨ (ਸਰਹੱਦ) 'ਤੇ ਹੋਰ ਸੈਨਿਕਾਂ ਦੀ ਤਾਇਨਾਤੀ ਨੂੰ ਰੋਕਣਾ, ਗਰਾਊਂਡ 'ਤੇ 'ਜਿਉਂ ਦੀ ਤਿਉਂ' ਸਥਿਤੀ ਬਦਲਣ ਤੋਂ ਰੋਕਣਾ। ਦੋਵੇਂ ਧਿਰਾਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੀਆਂ ਜਿਸ ਨਾਲ ਮੌਜੂਦਾ ਹਾਲਾਤ ਹੋਰ ਪੇਚੀਦਾ ਹੋ ਜਾਣ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਜਿੰਨੀ ਛੇਤੀ ਹੋ ਸਕੇ ਫ਼ੌਜੀ ਕਮਾਂਡਰਾਂ ਦਰਮਿਆਨ 7ਵੇਂ ਦੌਰ ਦੀ ਗੱਲਬਾਤ ਹੋਵੇਗੀ ਤਾਂ ਜੋ ਐੱਲਏਸੀ 'ਤੇ ਜੋ ਸਮੱਸਿਆ ਪੈਦਾ ਹੋਈ ਹੈ ਉਸ ਦਾ ਹੱਲ ਨਿਕਲ ਸਕੇ ਤੇ ਸਰਹੱਦੀ ਇਲਾਕਿਆਂ ਵਿਚ ਅਮਨ ਤੇ ਸ਼ਾਂਤੀ ਦੀ ਬਹਾਲੀ ਹੋ ਸਕੇ।

ਪੰਜ ਨੁਕਤਿਆਂ 'ਤੇ ਅੱਗੇ ਵਧੀ ਗੱਲਬਾਤ

ਕੁਝ ਦਿਨ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਪੰਜ ਨੁਕਤਿਆਂ 'ਤੇ ਬਣੀ ਸਹਿਮਤੀ ਨੂੰ ਦੇਖੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਸੋਮਵਾਰ ਨੂੰ ਮੀਟਿੰਗ ਵਿਚ ਉਸ ਨੂੰ ਅੱਗੇ ਵਧਾਇਆ ਗਿਆ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮਈ 2020 ਵਿਚ ਚੀਨੀ ਸੈਨਿਕਾਂ ਵੱਲੋਂ ਐੱਲਏਸੀ 'ਤੇ ਕੀਤੀ ਗਈ ਘੁਸਪੈਠ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਸਕਾਰਾਤਮਕ ਗੱਲਬਾਤ ਰਹੀ ਹੈ। ਹਾਲਾਂ ਕਿ ਇਸ ਨੂੰ ਅਜੇ ਵੀ ਗਲਵਾਨ ਘਾਟੀ ਤੇ ਪੈਂਗੋਂਗ ਝੀਲ ਦੇ ਦੱਖਣੀ ਇਲਾਕਿਆਂ ਵਿਚ ਫ਼ੌਜੀ ਤਣਾਅ ਦੇ ਖ਼ਾਤਮੇ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ। ਭਾਰਤੀ ਫ਼ੌਜ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਦੋਂ ਤਕ ਚੀਨ ਵੱਲੋਂ ਸੈਨਿਕਾਂ ਦੀ ਵਾਪਸੀ ਦੀ ਸ਼ੁਰੂਆਤ ਨਹੀਂ ਹੁੰਦੀ ਉਹ ਕੋਤਾਹੀ ਨਹੀਂ ਵਰਤਣ ਵਾਲੀ।

ਅਸਲ ਮੁੱਦਾ ਮਈ 2020 ਤੋਂ ਪਹਿਲਾਂ ਵਾਲੀ ਸਥਿਤੀ 'ਚ ਮੁੜਨਾ

ਸੂਤਰਾਂ ਦਾ ਕਹਿਣਾ ਹੈ ਕਿ ਮੂਲ ਮੁੱਦਾ ਇਹ ਹੈ ਕਿ ਦੋਵਾਂ ਪਾਸਿਆਂ ਦੇ ਸੈਨਿਕ ਮਈ 2020 ਤੋਂ ਪਹਿਲਾਂ ਦੀ ਸਥਿਤੀ ਵਿਚ ਮੁੜਨ ਪਰ ਇਸ ਨੂੰ ਲੈ ਕੇ ਅਜੇ ਤਕ ਕੋਈ ਸਹਿਮਤੀ ਨਹੀਂ ਬਣੀ। ਇਸ ਦੇ ਬਾਵਜੂਦ ਨਵੀਂ ਤਾਇਨਾਤੀ ਨਾ ਕਰਨ 'ਤੇ ਬਣੀ ਸਹਿਮਤੀ ਤੇ ਗੱਲਬਾਤ ਦੇ ਮਾਹੌਲ ਨੂੰ ਸਕਾਰਾਤਮਕ ਮੰਨਿਆ ਜਾ ਸਕਦਾ ਹੈ।

ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਾਇਆ ਅਸਰ

ਸੋਮਵਾਰ ਨੂੰ ਹੋਈ ਮੀਟਿੰਗ ਇਨ੍ਹਾਂ ਅਰਥਾਂ 'ਚ ਵੀ ਅਨੋਖੀ ਰਹੀ ਹੈ ਕਿ ਇਸ ਵਿਚ ਵਿਦੇਸ਼ ਮੰਤਰਾਲੇ ਦਾ ਇਕ ਸੀਨੀਅਰ ਅਧਿਕਾਰੀ ਵੀ ਹਾਜ਼ਰ ਸੀ। ਚੀਨੀ ਭਾਸ਼ਾ ਦੇ ਜਾਣਕਾਰ ਇਸ ਅਧਿਕਾਰੀ ਨੇ ਪੂਰੀ ਗੱਲਬਾਤ ਨੂੰ ਬਹੁਤ ਹੀ ਸੌਖੀ ਬਣਾ ਦਿੱਤਾ ਤੇ ਫ਼ੌਜੀ ਕਮਾਂਡਰਾਂ ਦੀ ਗੱਲਬਾਤ ਵਿਚ ਵਿਦੇਸ਼ ਮੰਤਰੀਆਂ ਵਿਚਾਲੇ ਬਣੀ ਸਹਿਮਤੀ ਨੂੰ ਸਹੀ ਪਰਿਪੇਖ ਵਿਚ ਰੱਖਣ ਵਿਚ ਮਦਦ ਕੀਤੀ। ਇਹ ਵੀ ਸੂਚਨਾ ਹੈ ਕਿ 30 ਤੇ 31 ਅਗਸਤ ਦੀ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਤੋਂ ਬਾਅਦ ਹਾਲਾਤ ਕਾਫ਼ੀ ਹੱਦ ਤਕ ਆਮ ਵਾਂਗ ਹਨ। ਭਾਰਤੀ ਫ਼ੌਜ ਨੇ ਪੈਂਗੋਂਗ ਝੀਲ ਦੇ ਦੱਖਣੀ ਹਿੱਸੇ ਦੇ ਨਾਲ ਹੀ ਫਿੰਗਰ ਦੋ ਤੇ ਤਿੰਨ ਦੇ ਇਲਾਕੇ ਵਿਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਦੂਜੇ ਪਾਸੇ ਫਿੰਗਰ ਚਾਰ ਤੇ ਪੰਜ ਦੇ ਇਲਾਕੇ ਵਿਚ ਚੀਨੀ ਫ਼ੌਜ ਦੀ ਪਕੜ ਮਜ਼ਬੂਤ ਹੈ।