ਜੇਐੱਨਐੱਨ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਸੋਮਵਾਰ ਨੂੰ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਸੱਤ ਲੱਖ ਦੇ ਇਨਾਮੀ ਪਾਕਿਸਤਾਨੀ ਅੱਤਵਾਦੀ ਨਾਸਿਰ ਉਰਫ਼ ਸ਼ਹਿਬਾਜ਼ ਉਰਫ਼ ਬਾਜ਼ ਭਾਈ ਨੂੰ ਉਸ ਦੇ ਇਕ ਹੋਰ ਸਾਥੀ ਨਾਲ ਮਾਰ ਸੁੱਟਿਆ। ਦੂਜਾ ਅੱਤਵਾਦੀ ਸਥਾਨਕ ਦੱਸਿਆ ਜਾ ਰਿਹਾ ਹੈ। ਮਾਰੇ ਗਏ ਦੋਵੇਂ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਸਨ। ਇਸ ਦੌਰਾਨ ਫਾਈਰਿੰਗ ਦੀ ਚਪੇਟ 'ਚ ਆ ਕੇ ਇਕ ਮਹਿਲਾ ਵੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਈ। ਇਹਤਿਆਤ ਦੇ ਤੌਰ 'ਤੇ ਮੁਕਾਬਲੇ ਵਾਲੀ ਥਾਂ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਅਨੰਤਨਾਗ ਪੁਲਿਸ ਨੂੰ ਸੋਮਵਾਰ ਤੜਕੇ ਪਤਾ ਲੱਗਿਆ ਸੀ ਕਿ ਦੋ ਤੋਂ ਤਿੰਨ ਅੱਤਵਾਦੀ ਸਿਰੀਗੁਫਵਾਰਾ 'ਚ ਆਪਣੇ ਕਿਸੇ ਸੰਪਰਕ ਸੂਤਰ ਨੂੰ ਮਿਲਣ ਆਏ ਹਨ। ਪੁਲਿਸ ਨੇ ਉਸੇ ਸਮੇਂ ਫ਼ੌਜ ਦੀ ਤਿੰਨ ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਪਿੰਡ ਦੀ ਘੇਰਾਬੰਦੀ ਕਰ ਲਈ। ਸਵੇਰੇ ਸਾਢੇ ਚਾਰ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਜਵਾਨਾਂ ਨੇ ਅੱਤਵਾਦੀਆਂ ਦੇ ਭੱਜਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਅੱਤਵਾਦੀ ਟਿਕਾਣਾ ਬਣਾ ਮਕਾਨ ਦੇ ਆਲੇ ਦੁਆਲੇ ਸਥਿਤ ਹੋਰ ਮਕਾਨਾਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਿਢਆ ਗਿਆ। ਇਸ ਦੌਰਾਨ ਆਰਿਫ਼ ਨਾਂ ਦੀ ਮਹਿਲਾ ਕ੍ਰਾਸ ਫਾਇਰਿੰਗ 'ਚ ਜ਼ਖ਼ਮੀ ਹੋ ਗਈ। ਗੋਲ਼ੀ ਉਸ ਦੀ ਪਿੱਠ 'ਚ ਲੱਗੀ ਹੈ। ਫਿਲਹਾਲ ਉਹ ਹਸਪਤਾਲ 'ਚ ਇਲਾਜ ਅਧੀਨ ਹੈ।

ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਜ਼ਿੰਦਾ ਫੜਨ ਤੇ ਉਨ੍ਹਾਂ ਨੂੰ ਸਰੰਡਰ ਕਰਨ ਦੀ ਅਪੀਲ ਕਰਵਾਈ। ਇਸ ਲਈ ਸਥਾਨਕ ਬਜ਼ੁਰਗਾਂ ਦੀ ਵੀ ਮਦਦ ਲਈ ਗਈ, ਪਰ ਅੱਤਵਾਦੀ ਨਹੀਂ ਮੰਨੇ। ਇਸ ਤੋਂ ਬਾਅਦ ਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਦੁਪਹਿਰ 12 ਵਜੇ ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਮੁਕਾਬਲਾ ਖ਼ਤਮ ਹੋ ਗਿਆ। ਇਸ ਦੌਰਾਨ ਅੱਤਵਾਦੀ ਟਿਕਾਣਾ ਬਣਿਆ ਮਕਾਨ ਵੀ ਨੁਕਸਾਨਿਆ ਗਿਆ।

ਏ-ਸ਼੍ਰੇਣੀ ਦੀ ਸੂਚੀ ਦਾ ਅੱਤਵਾਦੀ ਸੀ ਬਾਜ਼

ਪੁਲਿਸ ਮੁਤਾਬਕ ਮਾਰੇ ਗਏ ਦੋਵੇਂ ਅੱਤਵਾਦੀ ਜੈਸ਼ ਦੇ ਸਨ। ਇਨ੍ਹਾਂ 'ਚੋਂ ਇਕ ਨਾਸਿਰ ਉਰਫ਼ ਸ਼ਹਿਬਾਜ਼ ਉਰਫ਼ ਬਾਜ਼ ਭਾਈ ਪਾਕਿਸਤਾਨੀ ਸੀ, ਜਦਕਿ ਦੂਜੇ ਅੱਤਵਾਦੀ ਦੀ ਪਛਾਣ ਨਹੀਂ ਹੋਈ। ਸ਼ਹਿਬਾਜ਼ ਉਰਫ਼ ਬਾਜ਼ ਨੂੰ ਸੁਰੱਖਿਆ ਬਲਾਂ ਨੇ ਏ ਸ਼੍ਰੇਣੀ ਦੇ ਅੱਤਵਾਦੀਆਂ ਦੀ ਸੂਚੀ 'ਚ ਰੱਖਿਆ ਸੀ। ਉਸ 'ਤੇ ਸੱਤ ਲੱਖ ਦਾ ਇਨਾਮ ਸੀ। ਸਥਾਨਕ ਸੂਤਰਾਂ ਨੇ ਦੱਸਿਆ ਕਿ ਸ਼ਹਿਬਾਜ਼ ਉਰਫ਼ ਬਾਜ਼ ਨਾਲ ਮਾਰਿਆ ਗਿਆ ਦੂਜਾ ਅੱਤਵਾਦੀ ਸਿਰੀਗੁਫਾਵਾਰਾ ਨਾਲ ਲੱਗਦੇ ਹੁਗਾਮ ਦਾ ਰਹਿਣ ਵਾਲਾ ਜਾਹਿਦ ਅਹਿਮਦ ਖਾਂਡੇ ਹੈ।