ਜੇਐੱਨਐੱਨ, ਬਲਰਾਮਪੁਰ : ਬਲਰਾਮਪੁਰ 'ਚ ਤਿੰਨ ਦਿਨਾਂ ਦੇ ਵਿਚਕਾਰ ਸੱਪ ਦੇ ਡੰਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਸੱਪ ਦੇ ਡੰਗਣ ਨਾਲ ਇੱਕ ਹੀ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਸੋਮਵਾਰ ਨੂੰ ਭਵਾਨਿਆਪੁਰ ਦੇ ਅਰਵਿੰਦ ਮਿਸ਼ਰਾ ਨੂੰ ਸੱਪ ਨੇ ਡੰਗ ਲਿਆ। ਉਸ ਨੂੰ ਪਹਿਲਾਂ ਸੀਐੱਚਸੀ ਸ਼ਿਵਪੁਰਾ ਅਤੇ ਬਾਅਦ ਵਿੱਚ ਜ਼ਿਲ੍ਹਾ ਮੈਮੋਰੀਅਲ ਹਸਪਤਾਲ ਰੈਫਰ ਕੀਤਾ ਗਿਆ ਪਰ ਉਸ ਦੀ ਜਾਨ ਨਹੀਂ ਬਚੀ। ਅਰਵਿੰਦ ਦੀ ਮੌਤ ਦੇ ਦੋ ਦਿਨ ਬਾਅਦ ਬੁੱਧਵਾਰ ਰਾਤ ਨੂੰ ਉਸ ਦੇ 30 ਸਾਲਾ ਛੋਟੇ ਭਰਾ ਗੋਵਿੰਦ ਮਿਸ਼ਰਾ ਦੀ ਵੀ ਤਬੀਅਤ ਵਿਗੜ ਗਈ। ਸੱਪ ਦੇ ਡੰਗਣ ਤੋਂ ਬਾਅਦ ਉਸ ਨੂੰ ਪਹਿਲਾਂ ਲਕਸ਼ਮਣਪੁਰ ਅਤੇ ਬਾਅਦ ਵਿਚ ਭਿੰਗਾ ਸ਼ਰਾਵਸਤੀ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਇੱਥੇ ਉਸ ਦੀ ਵੀ ਮੌਤ ਹੋ ਗਈ।

ਗੋਵਿੰਦ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਹਸਪਤਾਲ ਲੈ ਕੇ ਗਏ ਉਸ ਦੇ ਮਾਮੇ ਦੇ ਲੜਕੇ ਚੰਦਰਸ਼ੇਖਰ ਵਾਸੀ ਸਿਕੰਦਰਬੋਝੀ ਦੀ ਵੀ ਤਬੀਅਤ ਵਿਗੜ ਗਈ। ਉਸ ਨੂੰ ਲਕਸ਼ਮਣਪੁਰ ਵਿਖੇ ਵੀ ਦਾਖਲ ਕਰਵਾਇਆ ਗਿਆ। ਜਦੋਂ ਇੱਥੇ ਕੋਈ ਸੁਧਾਰ ਨਾ ਹੋਇਆ ਤਾਂ ਬਹਿਰਾਇਚ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੇ ਇਲਾਜ ਚੱਲ ਰਿਹਾ ਹੈ।

ਇੱਕੋ ਪਰਿਵਾਰ ਦੇ ਦੋ ਭਰਾਵਾਂ ਸਮੇਤ ਤਿੰਨ ਮੈਂਬਰਾਂ ਦੇ ਸੱਪ ਦੇ ਡੰਗਣ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਵਿਧਾਇਕ ਤੁਲਸੀਪੁਰ ਕੈਲਾਸ਼ਨਾਥ ਸ਼ੁਕਲਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ ਜਲਦੀ ਤੋਂ ਜਲਦੀ ਸਹਾਇਤਾ ਰਾਸ਼ੀ ਦਿਵਾਉਣ ਲਈ ਕਿਹਾ ਹੈ।

ਸੀਐੱਮਓ ਤੇ ਸੀਓ ਪਿੰਡ ਪਹੁੰਚੇ, ਪੀੜਤ ਪਰਿਵਾਰ ਨੂੰ ਦਿੱਤਾ ਦਿਲਾਸਾ : ਚੀਫ਼ ਮੈਡੀਕਲ ਅਫ਼ਸਰ ਡਾ. ਸੁਸ਼ੀਲ ਕੁਮਾਰ, ਏ.ਸੀ.ਐਮ.ਓ ਡਾ.ਏ.ਕੇ. ਸਿੰਘਲ ਅਤੇ ਸਰਕਲ ਅਫ਼ਸਰ ਰਾਧਰਮਨ ਸਿੰਘ ਆਪਣੀ ਟੀਮ ਨਾਲ ਪਿੰਡ ਪਹੁੰਚੇ। ਸੀਐਮਓ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਪਹਿਲੀ ਨਜ਼ਰੇ ਘਟਨਾ ਦਾ ਕਾਰਨ ਸੱਪ ਦਾ ਡੰਗਣਾ ਮੰਨਿਆ ਜਾ ਰਿਹਾ ਹੈ। ਫਿਲਹਾਲ ਗੋਵਿੰਦ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਲਾਲੀਆਂ ਥਾਣਾ ਇੰਚਾਰਜ ਇੰਸਪੈਕਟਰ ਸੰਤੋਸ਼ ਤਿਵਾੜੀ ਅਤੇ ਸੀਐਚਸੀ ਦੇ ਸੁਪਰਡੈਂਟ ਡਾਕਟਰ ਪ੍ਰਣਵ ਪਾਂਡੇ ਦੀ ਡਿਊਟੀ ਲਾਈ ਗਈ ਹੈ, ਜੋ ਪਿੰਡ ਵਾਸੀਆਂ ਨੂੰ ਸਮਝਾ ਰਹੇ ਹਨ।

Posted By: Jaswinder Duhra