ਤਿਰੂਵਨੰਤਪੁਰਮ (ਆਈਏਐੱਨੈੱਸ) : ਉਹ ਦਿਨ ਚਲੇ ਗਏ ਜਦੋਂ ਕੇਰਲ ਸਰਕਾਰ ਦੇ ਵਿਭਾਗਾਂ ਅਤੇ ਜਨਤਕ ਇਕਾਈਆਂ ਦੇ ਸਰਕਾਰੀ ਵਾਹਨਾਂ ਦੇ ਡਰਾਈਵਰ ਸਿਰਫ਼ ਪੁਰਸ਼ ਹੀ ਹੁੰਦੇ ਸਨ। ਸੂਬਾਈ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਰਕਾਰੀ ਵਾਹਨਾਂ ਦੇ ਡਰਾਈਵਰਾਂ ਦੀਆਂ ਆਸਾਮੀਆਂ 'ਤੇ ਔਰਤਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੇਰਲ ਵਿਚ ਔਰਤਾਂ ਨਿੱਜੀ ਬੱਸ, ਟੈਕਸੀ ਤੇ ਆਟੋ ਰਿਕਸ਼ਾ ਚਲਾ ਰਹੀਆਂ ਹਨ ਪਰ ਪਹਿਲੀ ਵਾਰ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਦੇ ਡਰਾਈਵਰ ਦੀ ਆਸਾਮੀ 'ਤੇ ਨਿਯੁਕਤੀ ਦਾ ਮੌਕਾ ਮਿਲੇਗਾ। ਇੱਥੇ ਹੋਈ ਮੰਤਰੀ ਮੰਡਲ ਦੀ ਹਫ਼ਤਾਵਾਰੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਵਾਹਨਾਂ ਦੇ ਡਰਾਈਵਰਾਂ ਦੇ ਅਹੁਦੇ ਸਿਰਫ਼ ਪੁਰਸ਼ਾਂ ਲਈ ਹੀ ਰਾਖਵੇਂ ਨਹੀਂ ਹਨ। ਇਕ ਬਿਆਨ 'ਚ ਦੱਸਿਆ ਗਿਆ ਕਿ ਕੇਰਲ ਦੇ ਸਰਕਾਰੀ ਤੇ ਜਨਤਕ ਖੇਤਰ ਦੇ ਅਦਾਰਿਆਂ 'ਚ ਵਾਹਨ ਚਾਲਕਾਂ ਦੇ ਅਹੁਦਿਆਂ ਨੂੰ ਲਿੰਗਕ ਬਰਾਬਰਤਾ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੂਬਾ ਸਰਕਾਰ ਸਾਰੇ ਖੇਤਰਾਂ ਵਿਚ ਲਿੰਗਕ ਬਰਾਬਰਤਾ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ।