ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕੀਤੇ ਜਾਣ ਕਾਰਨ ਬੁਖਲਾਇਆ ਪਾਕਿਸਤਾਨ ਹੁਣ ਇਕ ਭੜਕਾਉ ਕਦਮ ਚੁੱਕਣ ਜਾ ਰਿਹਾ ਹੈ। ਅੱਜ 14 ਅਗਸਤ ਨੂੰ ਪਾਕਿਸਤਾਨ ਆਪਣਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਮਕਬੂਜ਼ਾ ਕਸ਼ਮੀਰ(Pok) ਦਾ ਦੌਰਾ ਕਰਨਗੇ। ਇਮਰਾਨ ਖ਼ਾਨ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ 'ਚ ਉੱਥੇ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।

ਇਮਰਾਨ ਖ਼ਾਨ ਦੇ ਦੌਰੇ 'ਤੇ ਮਕਬੂਜ਼ਾ ਕਸ਼ਮੀਰ 'ਚ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਤਿਆਰੀ ਹੈ। ਇਸ ਦੌਰਾਨ ਪਾਕਿਸਤਾਨ ਨੇ ਪੀਓਕੇ 'ਚ ਅੱਤਵਾਦੀਆਂ ਦੇ ਸਮਰਥਨ ਦੀਆਂ ਕਈਆਂ ਰੈਲੀਆਂ ਦਾ ਪ੍ਰਬੰਧ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਇਹ ਦਿਨ ਭਾਰਤ ਦਾ ਸੁਤੰਤਰਤ ਦਿਵਸ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਹਾਰ ਤੋਂ ਪਰੇਸ਼ਾਨ ਪਾਕਿਸਤਾਨ ਪੀਐੱਮ ਇਮਰਾਨ ਖ਼ਾਨ ਹੁਣ ਇਸ 'ਤੇ ਪੈਂਤੜੇਬਾਜ਼ੀ ਕਰਨ 'ਤੇ ਉਤਰ ਆਏ ਹਨ। ਸੂਤਰਾਂ ਅਨੁਸਾਰ ਇਮਰਾਨ ਖ਼ਾਨ ਦੇ ਨਾਲ ਕਈ ਕੇਂਦਰੀ ਮੰਤਰੀ ਵੀ ਮਕਬੂਜ਼ਾ ਕਸ਼ਮੀਰ ਜਾ ਸਕਦੇ ਹਨ। ਸੂਤਰਾਂ ਅਨੁਸਾਰ ਇਮਰਾਨ ਖ਼ਾਨ ਉੱਥੇ ਇਕ ਸਾਰੀਆਂ ਪਾਰਟੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਤੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੱਖਰੋਂ ਤੌਰ 'ਤੇ ਮੁਲਾਕਾਤ ਵੀ ਕਰ ਸਕਦੇ ਹਨ।

Posted By: Akash Deep