ਏਜੰਸੀ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੈਨਾ ਦੀ ਕੰਟੀਨ ਵਿਚ ਵਿਦੇਸ਼ਾਂ ਤੋਂ ਦਰਾਮਦ ਕੀਤੇ ਮਾਲ ਦੀ ਵਿਕਰੀ 'ਤੇ ਪਾਬੰਦੀ ਲਗਾਈ ਹੈ। ਸਰਕਾਰ ਦਾ ਇਹ ਆਦੇਸ਼ ਦੇਸ਼ ਦੀਆਂ ਚਾਰ ਹਜ਼ਾਰ ਤੋਂ ਵੱਧ ਸੈਨਿਕ ਕੰਟੀਨ ‘ਤੇ ਲਾਗੂ ਹੋਵੇਗਾ। ਹੁਣ ਤੱਕ ਫੌਜ ਦੀ ਕੰਟੀਨ ਵਿਚੋਂ ਦਰਾਮਦ ਕੀਤੀ ਗਈ ਸ਼ਰਾਬ, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਚੀਜ਼ਾਂ ਵੇਚੀਆਂ ਜਾ ਰਹੀਆਂ ਸਨ। ਇਹ ਮਾਲ ਫੌਜ ਦੇ ਅਧਿਕਾਰੀਆਂ, ਸਿਪਾਹੀਆਂ ਅਤੇ ਸਾਬਕਾ ਸੈਨਿਕਾਂ ਨੂੰ ਛੋਟ ਦੀ ਦਰ 'ਤੇ ਉਪਲਬਧ ਕਰਵਾਏ ਜਾ ਰਹੇ ਸਨ।

ਜਾਣਕਾਰੀ ਅਨੁਸਾਰ 19 ਅਕਤੂਬਰ ਨੂੰ ਸਰਕਾਰ ਨੇ ਆਰਡਰ ਜਾਰੀ ਕਰਕੇ ਸੈਨਾ ਦੀਆਂ ਕੰਟੀਨਾਂ ਵਿਚੋਂ ਵਿਦੇਸ਼ੀ ਸਮਾਨ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਮਈ ਅਤੇ ਜੁਲਾਈ ਵਿਚਾਲੇ ਇਸ ਮੁੱਦੇ 'ਤੇ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨਾਲ ਗੱਲਬਾਤ ਕੀਤੀ ਗਈ ਹੈ। ਸਵਦੇਸ਼ੀ ਵਸਤਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਦੇ ਹਿੱਸੇ ਵਜੋਂ ਸੈਨਾ ਦੀ ਕੰਟੀਨ ਵਿਚੋਂ ਵਿਦੇਸ਼ੀ ਮਾਲ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ।

ਹਾਲਾਂਕਿ ਆਰਡਰ ਵਿੱਚ ਕਿਸੇ ਖਾਸ ਉਤਪਾਦ ਦਾ ਜ਼ਿਕਰ ਨਹੀਂ ਹੈ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਵਿਦੇਸ਼ੀ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਦੇ ਅਨੁਸਾਰ ਫੌਜ ਦੀ ਕੰਟੀਨ ਚੋਂ ਵਿਕਣ ਵਾਲੇ ਕੁੱਲ ਮਾਲ ਵਿਚੋਂ ਆਯਾਤ ਕੀਤੀਆਂ ਚੀਜ਼ਾਂ ਔਸਤਨ ਛੇ ਤੋਂ ਸੱਤ ਪ੍ਰਤੀਸ਼ਤ ਹੁੰਦੀਆਂ ਹਨ।

Posted By: Tejinder Thind