ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਦੀਆਂ 127.61 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ 50 ਫ਼ੀਸਦੀ ਤੋਂ ਜ਼ਿਆਦਾ ਪਾਤਰ ਬਾਲਿਗ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਵੈਸੇ ਕੋਵਿਨ ਪੋਰਟਲ ਦੇ ਅੰਕੜਿਆਂ ਮੁਤਾਬਕ ਹੁਣ ਤਕ 127.67 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ’ਚ 84.8 ਫ਼ੀਸਦੀ ਤੋਂ ਜ਼ਿਆਦਾ ਬਾਲਿਗ ਆਬਾਦੀ ਨੂੰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਮਾਂਡਵੀਆ ਨੇ ਟਵੀਟ ਕੀਤਾ, ‘ਵਧਾਈ ਹੋਵੇ ਭਾਰਤ। ਇਹ ਬੇਹੱਦ ਮਾਣ ਦਾ ਪਲ ਹੈ ਕਿਉਂਕਿ 50 ਫ਼ੀਸਦੀ ਤੋਂ ਜ਼ਿਆਦਾ ਪਾਤਰ ਆਬਾਦੀ ਦਾ ਪੂਰਨ ਟੀਕਾਕਰਨ ਹੋ ਗਿਆ ਹੈ। ਅਸੀਂ ਨਾਲ ਮਿਲ ਕੇ ਕੋਰੋਨਾ ਖ਼ਿਲਾਫ਼ ਲੜਾਈ ਜਿੱਤਾਂਗੇ।’

ਸਵੇਰੇ ਸੱਤ ਵਜੇ ਤਕ ਦੀ ਇਕ ਰਿਪੋਰਟ ਮੁਤਾਬਕ, ਪਿਛਲੇ 24 ਘੰਟੇ ਦੀ ਮਿਆਦ ਵਿਚ ਟੀਕੇ ਦੀਆਂ 1,04,18,707 ਡੋਜ਼ ਦਿੱਤੀਆਂ ਜਾਣ ਦੇ ਨਾਲ ਹੀ ਦੇਸ਼ ਵਿਚ ਹੁਣ ਤਕ ਦਿੱਤੀਆਂ ਜਾ ਚੁੱਕੀਆਂ ਡੋਜ਼ ਦੀ ਗਿਣਤੀ 127.61 ਕਰੋੜ ਤੋਂ ਪਾਰ ਹੋ ਗਈ ਹੈ। ਮੰਤਰਾਲੇ ਮੁਤਾਬਕ, ਇਹ ਉਪਲਬਧੀ 1,32,44,514 ਸੈਸ਼ਨਾਂ ਵਿਚ ਹਾਸਲ ਕੀਤੀ ਗਈ।

ਪੁੱਡੂਚੇਰੀ ’ਚ ਕੋਰੋਨਾ ਟੀਕਾਕਰਨ ਹੁਣ ਲਾਜ਼ਮੀ ਹੋਇਆ

ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਨੇ ਸੌ ਫ਼ੀਸਦੀ ਟੀਕਾਕਰਨ ਦਾ ਟੀਚਾ ਹਾਸਲ ਕਰਨ ਲਈ ਸਾਰੇ ਵਿਅਕਤੀਆਂ ਲਈ ਕੋਵਿਡ ਰੋਕੂ ਟੀਕਾ ਲਗਵਾਉਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਨੇ ਲਾਜ਼ਮੀ ਟੀਕਾਕਰਨ ਲਈ ਪੁੱਡੂਚੇਰੀ ਜਨਤਕ ਸਿਹਤ ਐਕਟ 1973 ਦੀਆਂ ਤਜਵੀਜ਼ਾਂ ਨੂੰ ਲਾਗੂ ਕੀਤਾ ਹੈ।

ਸਿਹਤ ਤੇ ਪਰਿਵਾਰ ਕਲਿਆਣ ਸੇਵਾ ਦੇ ਨਿਰਦੇਸ਼ਕ ਜੀ. ਸ੍ਰੀਰਾਮੁਲੂ ਨੇ ਸ਼ਨਿਚਰਵਾਰ ਰਾਤ ਇਕ ਆਦੇਸ਼ ਵਿਚ ਇਹ ਗੱਲ ਕਹੀ ਅਤੇ ਕਿਹਾ ਕਿ ਇਹ ਤੱਤਕਾਲ ਪ੍ਰਭਾਵ ਤੋਂ ਲਾਗੂ ਹੋਵੇਗਾ। ਨਿਰਦੇਸ਼ਕ ਨੇ ਕਿਹਾ ਕਿ ਜਿਹੜੇ ਲੋਕ ਟੀਕਾਕਰਨ ਨਹੀਂ ਕਰਵਾਉਣਗੇ, ਉਨ੍ਹਾਂ ਨੂੰ ਕਾਨੂੰਨ ਦੀਆਂ ਤਜਵੀਜ਼ਾਂ ਤਹਿਤ ਸਜ਼ਾ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Posted By: Susheel Khanna