ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ ਦੇ ਮਾਸਿਕ ਔਸਤ ਦੇ ਮਾਮਲੇ ਵਿਚ ਪਿਛਲੇ 121 ਸਾਲਾਂ ਵਿਚ ਇਸ ਸਾਲ ਦਾ ਮਾਰਚ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਵਿਭਾਗ ਨੇ ਨਾਲ ਹੀ ਕਿਹਾ ਕਿ 5 ਤੋਂ 9 ਅਪ੍ਰੈਲ ਤਕ ਉੱਤਰੀ ਭਾਰਤ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਮਹੀਨੇ ਦੀ ਆਪਣੀ ਸਮੀਖਿਆ ਵਿਚ ਕਿਹਾ ਕਿ ਇਸ ਸਾਲ ਦੇਸ਼ ਵਿਚ ਮਾਰਚ ਦੇ ਵੱਧ ਤੋਂ ਵੱਧ, ਘੱਟੋ-ਘੱਟ ਅਤੇ ਔਸਤ ਤਾਪਮਾਨ ਦੇ ਮਾਸਿਕ ਔਸਤ ਕ੍ਰਮਵਾਰ 32.65 ਡਿਗਰੀ, 19.95 ਡਿਗਰੀ ਅਤੇ 26.30 ਡਿਗਰੀ ਸੈਲਸੀਅਸ ਹੈ, ਜਦਕਿ 1981-2010 ਦੇ ਪੌਣਪਾਣੀ ਮਿਆਦ ਦੇ ਆਧਾਰ ’ਤੇ ਆਮ ਮਾਸਿਕ ਔਸਤ ਕ੍ਰਮਵਾਰ 31.24 ਡਿਗਰੀ, 18.87 ਡਿਗਰੀ ਅਤੇ 25.06 ਡਿਗਰੀ ਸੈਲਸੀਅਸ ਹੈ।

ਮੌਸਮ ਵਿਭਾਗ ਨੇ ਕਿਹਾ, ‘ਮਾਰਚ, 2021 ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਅਖਿਲ ਭਾਰਤੀ ਮਾਸਿਕ ਔਸਤ 32.65 ਡਿਗਰੀ ਸੈਸਲੀਅਸ ਪਿਛਲੇ 11 ਸਾਲਾਂ ਵਿਚ ਸਭ ਤੋਂ ਗਰਮ ਹੈ ਅਤੇ 121 ਸਾਲਾਂ ’ਚ ਤੀਜਾ ਸਭ ਤੋਂ ਗਰਮ ਹੈ। 2010 ਅਤੇ 2004 ’ਚ ਇਹ ਕ੍ਰਮਵਾਰ 33.09 ਡਿਗਰੀ ਅਤੇ 32.82 ਡਿਗਰੀ ਸੈਲਸੀਅਸ ਸੀ।’ ਦੱਸਣਯੋਗ ਹੈ ਕਿ ਮਾਰਚ ’ਚ ਦੇਸ਼ ਦੇ ਕਈ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੀ।

ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ 'ਚ ਹੋਵੇਗੀ ਬਾਰਿਸ਼

ਨਵੇਂ ਬਣੇ ਵੈਸਟਰਨ ਡਿਸਟਰਬੈਂਸ ਨਾਲ 6 ਅਪ੍ਰੈਲ ਤੋਂ ਪੱਛਮੀ ਹਿਮਾਲਿਆਈ ਖੇਤਰ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਅਸਰ ਨਾਲ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਤਿਸਤਾਨ ਤੇ ਮੁਜੱਫਰਾਬਾਦ 'ਚ ਪੰਜ ਤੋਂ ਸੱਤ ਅਪ੍ਰੈਲ ਤੇ ਉੱਤਰਾਖੰਡ 'ਚ 6 ਤੋਂ 9 ਅਪ੍ਰੈਲ ਦੌਰਾਨ ਮਾਮੂਲੀ ਤੋਂ ਚੰਗੀ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

Posted By: Seema Anand