ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰੋੜਾਂ ਰੁਪਏ ਦੇ ਆਈਐੱਲਐਂਡਐੱਫਐੱਸ ਕਰਜ਼ਾ ਭੁਗਤਾਨ ਸੰਕਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਬੁੱਧਵਾਰ ਨੂੰ ਮੁੰਬਈ ਵਿਚ ਛਾਪੇ ਮਾਰੇ। ਇਸ ਦੌਰਾਨ ਆਈਐੱਲਐਂਡਐੱਫਐੱਸ ਦੇ ਘੱਟ ਤੋਂ ਘੱਟ ਚਾਰ ਡਾਇਰੈਕਟਰਾਂ ਦੇ ਦਫ਼ਤਰਾਂ ਅਤੇ ਘਰਾਂ ਦੀ ਤਲਾਸ਼ੀ ਲਈ ਗਈ।

ਇਹ ਤਲਾਸ਼ੀ ਹਾਲੇ ਤਕ ਮਿਲੇ ਸਬੂਤਾਂ ਤੋਂ ਇਲਾਵਾ ਹੋਰ ਸਬੂਤ ਅਤੇ ਦਸਤਾਵੇਜ਼ ਜੁਟਾਉਣ ਲਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਫਰਵਰੀ ਵਿਚ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀ ਨੇ ਇਸ ਕਾਂਡ ਵਿਚ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਇਹ ਕਦਮ ਉਠਾਇਆ ਸੀ।

ਬੁਨਿਆਦੀ ਢਾਂਚਾ ਖੇਤਰ ਲਈ ਕਰਜ਼ ਦੇਣ ਵਾਲੀ ਕੰਪਨੀ ਦਾ ਸੰਕਟ ਉਸ ਸਮੇਂ ਸਾਹਮਣੇ ਆਇਆ, ਜਦੋਂ ਉਸ ਦੇ ਸਮੂਹ ਦੀਆਂ ਕੰਪਨੀਆਂ ਨੇ ਸਤੰਬਰ 2018 ਤੋਂ ਕਰਜ਼ ਦਾ ਭੁਗਤਾਨ ਕਰਨਾ ਬੰਦ ਕਰ ਦਿੱਤਾ। ਆਈਐੱਲਐਂਡਐੱਫਐੱਸ 'ਤੇ ਕੁੱਲ 91,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬਕਾਇਆ ਹੈ। ਆਈਐੱਲਐਂਡਐੱਫਐੱਸ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ ਸਿਡਬੀ ਨੂੰ ਕਰਜ਼ ਦਾ ਭੁਗਤਾਨ ਨਹੀਂ ਕੀਤਾ ਹੈ। ਈਡੀ ਦਾ ਇਹ ਮਾਮਲਾ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਵੱਲੋਂ ਪਿਛਲੇ ਸਾਲ ਦਸੰਬਰ ਵਿਚ ਦਰਜ ਐੱਫਆਈਆਰ 'ਤੇ ਅਧਾਰਤ ਹੈ।