ਏਜੰਸੀ, ਕਾਨਪੁਰ : ਭਾਰਤ ਵਿਚ ਜ਼ਿਆਦਾਤਰ ਲੋਕ ਸਫ਼ਰ ਕਰਨ ਲਈ ਬੱਸ ਜਾਂ ਕਾਰ ਦੀ ਬਜਾਏ ਰੇਲਗੱਡੀ ਦੀ ਵਰਤੋਂ ਕਰਦੇ ਹਨ। ਔਰਤ ਅਤੇ ਬਜ਼ੁਰਗ ਮੁਸਾਫ਼ਰਾਂ ਲਈ ਇਹ ਸਫ਼ਰ ਮੁਸੀਬਤਾਂ ਭਰਿਆ ਸਾਬਤ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਉਪਰ ਵਾਲੀ ਸੀਟ 'ਤੇ ਸਫ਼ਰ ਕਰਨਾ ਪੈਂਦਾ ਹੈ। ਦਰਅਸਲ, ਉਪਰ ਚੜਨ ਲਈ ਟ੍ਰੇਨ ਵਿਚ ਅਜਿਹੀ ਵਿਵਸਥਾ ਨਹੀਂ ਹੁੰਦੀ ਹੈ ਜਿਸ ਨਾਲ ਔਰਤਾਂ ਅਤੇ ਬਜ਼ੁਰਗ ਸੁਰੱਖਿਅਤ ਢੰਗ ਨਾਲ ਚੜ੍ਹ ਜਾਂ ਉਤਰ ਸਕਣ। ਇਸ ਨੂੰ ਦੇਖਦੇ ਹੋਏ ਆਈਆਈਟੀ ਕਾਨਪੁਰ ਦੀ ਇਕ ਟੀਮ ਨੇ ਰੇਲ ਦੀ ਬੋਗੀ ਵਿਚ ਉਪਰ ਵਾਲੀ ਸੀਟ 'ਤੇ ਚੜਨ ਲਈ ਫੋਲਡ ਹੋਣ ਵਾਲੀ ਪੌੜੀ ਬਣਾਈ ਹੈ।

ਇਹ ਪੌੜੀ ਸਵਾਰੀਆਂ ਨੂੰ ਆਸਾਨੀ ਨਾਲ ਮਿਡਲ ਅਤੇ ਉਪਰਲੀ ਸੀਟ ਤਕ ਪਹੁੰਚਣ ਵਿਚ ਮਦਦ ਕਰੇਗੀ। ਆਈਆਈਟੀ ਕਾਨਪੁਰ ਤੋਂ ਪ੍ਰੋਗਰਾਮ ਡਿਜ਼ਾਈਨਿੰਗ ਵਿਚ ਪੀਐੱਚਡੀ ਕਰਨ ਵਾਲੇ ਕਨਿਸ਼ਕ ਬਿਸਵਾਸ ਨੇ ਦੱਸਿਆ ਕਿ ਪੌੜੀ ਵਿਚ 3 ਫੋਲਡੇਬਲ ਸਟੈਪ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਲਾਕ ਅਤੇ ਅਨਲਾਕ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਲਗਾਇਆ ਗਿਆ ਹੈ ਤਾਂ ਜੋ ਇਹ ਥਾਂ ਘੱਟ ਘੇਰਨ ਅਤੇ ਸਵਾਰੀਆਂ ਨੂੰ ਚੜਨ ਉਤਰਨ ਵਿਚ ਸਹੂਲਤ ਵੀ ਦੇਣ।


ਤਿੰਨ ਸਟੈਂਡ ਨੂੰ ਪਹਿਲੀ ਅਤੇ ਦੂਸਰੀ ਸੀਟ ਦੇ ਵਿਚ ਲਗਾਇਆ ਗਿਆ ਹੈ। ਇਨ੍ਹਾਂ ਫੋਲਡਿੰਗ ਪੌੜੀਆਂ ਦਾ ਡਿਜ਼ਾਈਨ ਪੈਟੈਂਟ ਕਰਾਉਣ ਲਈ ਅਪਲਾਈ ਪਹਿਲਾ ਹੀ ਕੀਤਾ ਜਾ ਚੁੱਕਾ ਹੈ।

ਪੌੜੀ ਨੂੰ ਤਿਆਰ ਕਰਨ ਵਾਲੀ ਟੀਮ ਵਿਚ ਪ੍ਰੋਗਰਾਮ ਡਿਜ਼ਾਈਨਿੰਗ ਵਿਚ ਪੀਐੱਚਡੀ ਕਰ ਰਹੇ ਕਨਿਸ਼ਕ ਤੋਂ ਇਲਾਵਾ ਇਸ ਟੀਮ ਵਿਚ ਪੁਸ਼ਪਲ ਡੇ, ਅਰਥ ਸਾਇੰਸ ਵਿਭਾਗ ਦੀ ਪੀਐਚਡੀ ਸਕਾਲਰ ਈਸ਼ਾ ਜੇ, ਮਕੈਨੀਕਲ ਵਿਭਾਗ ਦੇ ਪ੍ਰੋਫੈਸਰ ਡਾ. ਬਿਸ਼ਾਖ ਭੱਟਾਚਾਰੀਆ ਅਤੇ ਸਿਵਲ ਇੰਜੀਨੀਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਤਰੂਣਾ ਗੁਪਤਾ ਸ਼ਾਮਲ ਸਨ।

Posted By: Tejinder Thind