ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਕੋਰੋਨਾ ਡਿਊਟੀ 'ਚ ਲੱਗੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਮਿਲਣਾ ਯਕੀਨੀ ਬਣਾਏ। ਇਸ ਦੇ ਨਾਲ ਹੀ ਅਦਾਲਤ ਨੇ ਡਿਊਟੀ ਦੇ ਬਾਅਦ ਕੁਆਰੰਟਾਈਨ ਸਮੇਂ ਨੂੰ ਛੁੱਟੀ 'ਚ ਜੋੜੇ ਜਾਣ 'ਤੇ ਵੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕੇਂਦਰ ਨੂੰ ਇਸ 'ਤੇ ਗ਼ੌਰ ਕਰਨ ਤੇ ਨਿਰਦੇਸ਼ ਲੈ ਕੇ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ।

ਜਸਟਿਸ ਅਸ਼ੋਕ ਭੂਸ਼ਣ, ਜੱਜ ਆਰ ਸੁਭਾਸ਼ ਰੈੱਡੀ ਤੇ ਜੱਜ ਐੱਮਆਰ ਸ਼ਾਹ ਦੇ ਬੈਂਚ ਨੇ ਇਹ ਨਿਰਦੇਸ਼ ਕੋਰੋਨਾ ਡਿਊਟੀ 'ਚ ਲੱਗੇ ਡਾਕਟਰਾਂ ਦੇ ਸਿਹਤ ਮੁਲਾਜ਼ਮਾਂ ਦੀ ਸਮੱਸਿਆ ਨਾਲ ਜੁੜੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤੇ। ਇਕ ਅਰਜ਼ੀ ਦਾਖ਼ਲ ਕਰ ਕੇ ਕਿਹਾ ਗਿਆ ਸੀ ਕਿ ਕੁਝ ਸੂਬੇ ਡਾਕਟਰਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦੇ ਰਹੇ। ਇਸ ਦੇ ਇਲਾਵਾ ਲੋਅ ਰਿਸਕ ਤੇ ਹਾਈ ਰਿਸਕ ਦਾ ਕੀਤਾ ਗਿਆ ਵਰਗੀਕਰਨ ਵੀ ਠੀਕ ਨਹੀਂ ਹੈ।

ਸ਼ੁੱਕਰਵਾਰ ਨੂੰ ਮਾਮਲੇ 'ਤੇ ਸੁਣਵਾਈ ਦੌਰਾਨ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 18 ਜੂਨ ਨੂੰ ਸੂਬਿਆਂ ਨੂੰ ਸਮੇਂ ਸਿਰ ਤਨਖ਼ਾਹ ਦੇਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਪੰਜ ਸੂਬੇ ਪੰਜਾਬ, ਦਿੱਲੀ, ਮਹਾਰਾਸ਼ਟਰ, ਤਿ੍ਪੁਰਾ ਤੇ ਕਰਨਾਟਕ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਸਮੇਂ 'ਤੇ ਪੂਰਨ ਸੰਤੁਸ਼ਟੀ ਦੀ ਤਨਖ਼ਾਹ ਨਹੀਂ ਦੇ ਰਹੇ। ਇਸ 'ਤੇ ਜਸਟਿਸ ਐੱਮਆਰ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਲਾਚਾਰ ਨਹੀਂ ਹੈ। ਉਸ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਦੇ ਆਦੇਸ਼ ਦੀ ਪਾਲਣਾ ਹੋਵੇ। ਕੇਂਦਰ ਕੋਲ ਆਫ਼ਤ ਮੈਨੇਜਮੈਂਟ ਕਾਨੂੰਨ ਤਹਿਤ ਅਧਿਕਾਰ ਹੈ। ਮਹਿਤਾ ਨੇ ਕੋਰਟ ਨੂੰ ਕਿਹਾ ਕਿ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਮਿਲਣਾ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣਗੇ, ਅਦਾਲਤ ਇਸ ਲਈ ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦੇਵੇ।

ਇਸ ਦੇ ਇਲਾਵਾ ਪਟੀਸ਼ਨਕਰਤਾ ਯੂਨਾਈਟਿਡ ਰੈਜ਼ੀਡੈਂਟਸ ਐਂਡ ਡਾਕਟਰਸ ਐਸੋਸੀਏਸ਼ਨ (ਯੂਆਰਡੀਏ) ਵੱਲੋਂ ਸ਼ਿਕਾਇਤ ਕੀਤੀ ਗਈ ਕਿ ਡਿਊਟੀ ਦੇ ਬਾਅਦ ਡਾਕਟਰ ਤੇ ਸਿਹਤ ਮੁਲਾਜ਼ਮਾਂ ਨੂੰ ਕੁਆਰੰਟਾਈਨ 'ਚ ਭੇਜਿਆ ਗਿਆ ਤੇ ਉਸ ਕੁਆਰੰਟਾਈਨ ਸਮੇਂ ਨੂੰ ਛੁੱਟੀ 'ਚ ਜੋੜ ਦਿੱਤਾ ਗਿਆ। ਇਸ 'ਤੇ ਬੈਂਚ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕੇਂਦਰ ਨੂੰ ਕਿਹਾ ਕਿ ਤੁਸੀਂ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੇ ਕੁਆਰੰਟਾਈਨ ਸਮੇਂ ਨੂੰ ਛੁੱਟੀ ਕਿਵੇਂ ਮੰਨ ਸਕਦੇ ਹੋ। ਕੀ ਤੁਸੀਂ ਕੁਆਰੰਟਾਈਨ ਖ਼ਤਮ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਡਾਕਟਰ ਤਦ ਕੁਆਰੰਟਾਈਨ 'ਚ ਜਾਂਦੇ ਹਨ ਜਦੋਂ ਉਹ ਅਤਿ ਖ਼ਤਰੇ ਦੀ ਜ਼ੱਦ 'ਚ ਹੁੰਦੇ ਹਨ। ਹਾਲਾਂਕਿ ਇਸ 'ਤੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟ ਕਿਹਾ ਕਿ ਕੁਆਰੰਟਾਈਨ ਸਮੇਂ ਨੂੰ ਛੁੱਟੀ ਨਹੀਂ ਮੰਨਿਆ ਜਾ ਸਕਦਾ। ਕੋਰਟ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ 'ਤੇ ਵੀ ਨਿਰਦੇਸ਼ ਤੇ ਸਪੱਸ਼ਟੀਕਰਨ ਲੈ ਕੇ ਅਦਾਲਤ ਨੂੰ ਸੂਚਿਤ ਕਰਨ। ਅਦਾਲਤ ਮਾਮਲੇ 'ਚ 10 ਅਗਸਤ ਨੂੰ ਮੁੜ ਸੁਣਵਾਈ ਕਰੇਗੀ।

Posted By: Rajnish Kaur