ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਵਿਡ19 ਵੈਕਸੀਨੇਸ਼ਨ ਦੇ ਤੀਸਰੇ ਫੇਜ਼ 'ਚ ਉਮਰ ਦਾ ਦਾਇਰਾ ਵਧਾ ਦਿੱਤਾ ਹੈ। ਹੁਣ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 1 ਮਈ ਤੋਂ ਕੋਰੋਨਾ ਵੈਕਸੀਨ ਲਗਵਾ ਸਕਣਗੇ। ਫਿਲਹਾਲ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸੇ ਦੌਰਾਨ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਕੀਮਤਾਂ ਤੈਅ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਲਹਾਲ ਭਾਰਤ ਵਿਚ ਤਿੰਨ ਕੰਪਨੀਆਂ ਦੀ ਵੈਕਸੀਨ ਉਪਲਬਧ ਹੈ। ਇਹ ਹਨ- ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ (Covishield), ਭਾਰਤ ਬਾਇਓਟੈੱਕ ਦੀ ਕੋਵੈਕਸੀਨ (Covaxin) ਤੇ ਰੂਸ 'ਚ ਬਣੀ ਸਪੁਤਨਿਕ (Sputnik)। ਕੋਵਿਸ਼ੀਲਡ ਤੇ ਕੋਵੈਕਸੀਨ ਨੇ ਆਪਣੀ ਹਰ ਡੋਜ਼ੀ ਦੀ ਕੀਮਤ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਇਨ੍ਹਾਂ ਦੀ ਕੀਮਤ ਵੱਖੋ-ਵੱਖ ਰੱਖੀ ਗਈ ਹੈ। ਉੱਥੇ ਹੀ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਵੀ ਅਲੱਗ-ਅਲੱਗ-ਅਲੱਗ ਕੀਮਤ 'ਚ ਵੈਕਸੀਨ ਦਿੱਤੀ ਜਾਵੇਗੀ।

ਦੁਨੀਆ ਦੀ ਸਭ ਤੋਂ ਵੱਡੀ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਦੇ ਤੀਸਰੇ ਫੇਜ਼ 'ਚ ਕੇਂਦਰ ਸਰਕਾਰ ਦਾ ਫੋਕਸ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਤੇ ਵੈਕਸੀਨੇਸ਼ਨ ਦੀ ਢੁਕਵੀਂ ਕੀਮਤ 'ਤੇ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।

ਫੇਜ਼-1 16 ਜਨਵਰੀ 2021 ਨੂੰ ਲਾਂਚ ਕੀਤਾ ਗਿਆ ਸੀ। ਇਸ ਦੌਰਾਨ ਹੈਲਥ ਕੇਅਰ ਵਰਕਰਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਤਰਜੀਹ ਦਿੱਤੀ ਗਈ ਸੀ।

ਇਸੇ ਤਰ੍ਹਾਂ ਫੇਜ਼ 2 ਮਾਰਚ 1 ਤੇ ਅਪ੍ਰੈਲ 1 ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਗੰਭੀਰ ਬਿਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ।

ਭਾਰਤ 'ਚ ਹੁਣ ਤਕ ਦੋ ਕੋਰੋਨਾ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵਿਸ਼ੀਲਡ ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਅਪਰੂਵਲ ਦਿੱਤੀ ਗਈ ਹੈ। ਦੂਸਰੇ ਪਾਸੇ ਤੀਸਰੀ ਵੈਕਸੀਨ ਸਪੁਤਨਿਕ-V ਜਿਹੜੀ ਫਿਲਹਾਲ ਇੱਥੇ ਤਿਆਰ ਨਹੀਂ ਹੁੰਦੀ, ਨੂੰ ਵੀ ਜਲਦ ਭਾਰਤ 'ਚ ਤਿਆਰ ਕੀਤਾ ਜਾਵੇਗਾ।

ਕੋਵਿਸ਼ੀਲਡ ਤੇ ਕੋਵੈਕਸੀਨ ਦੀ ਸਰਕਾਰੀ ਹਸਪਤਾਲਾਂ 'ਚ ਕੀਮਤ

ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤੀ ਕੋਵਿਸ਼ੀਲਡ ਸਰਕਾਰੀ ਹਸਪਤਾਲਾਂ 'ਚ 400 ਰੁਪਏ ਪ੍ਰਤੀ ਡੋਜ਼ ਜਦਕਿ ਭਾਰਤ ਬਾਇਓਟੈੱਕ ਦੀ ਇਕ ਡੋਜ਼ 600 ਰੁਪਏ 'ਚ ਮਿਲੇਗੀ।

ਕੋਵਿਸ਼ੀਲਡ ਤੇ ਕੋਵੈਕਸੀਨ ਦੀ ਪ੍ਰਾਈਵੇਟ ਹਸਪਤਾਲਾਂ 'ਚ ਕੀਮਤ

ਨਿੱਜੀ ਹਸਪਤਾਲਾਂ 'ਚ ਕੋਵਿਸ਼ੀਲਡ ਦੀ ਕੋਰੋਨਾ ਵੈਕਸੀਨ ਦੀ ਇਕ ਡੋਜ਼ 600 ਰੁਪਏ ਜਦਕਿ ਕੋਵੈਕਸੀਨ ਦੀ ਇਕ ਡੋਜ਼ 1200 ਰੁਪਏ 'ਚ ਮਿਲੇਗੀ।

Posted By: Seema Anand