ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਹਾਈਡ੍ਰੋਕਸੀਕਲੋਰੋਕਵੀਨ ਦੇ ਇਸਤੇਮਾਲ ਸਬੰਧੀ ਪੱਕਾ ਭਰੋਸਾ ਦਿੱਤਾ ਹੈ। ਆਈਸੀਐੱਮਆਰ ਵੱਲੋਂ ਹਾਈਡ੍ਰੋਕਸੀਕਲੋਰੋਕਵੀਨ ਦੇ ਦਾਇਰੇ ਨੂੰ ਵਧਾਉਂਦੇ ਹੋਏ ਇਸ ਨੂੰ ਗ਼ੈਰ-ਕੋਵਿਡ-19 ਹਸਪਤਾਲਾਂ 'ਚ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ ਤੋਂ ਇਲਾਵਾ ਕਈ ਹੋਰ ਖੇਤਰਾਂ ਦੇ ਮੁਲਾਜ਼ਮਾਂ ਨੂੰ ਵੀ ਲੈਣ ਦੀ ਸਲਾਹ ਦਿੱਤੀ ਹੈ। ਦਰਅਸਲ ਸਰਕਾਰ ਨੇ ਹਾਈਡ੍ਰੋਕਸੀਕਲੋਰੋਕਵੀਨ ਨੂੰ ਇਕ ਨਿਵਾਰਕ ਦਿਵਾਈ ਦੇ ਰੂਪ 'ਚ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਹੈ। ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ 'ਚ ਗ਼ੈਰ-ਕੋਵਿਡ-19 ਹਸਪਤਾਲਾਂ 'ਚ ਕੰਮ ਕਰਨ ਵਾਲੇ ਐਸਿੰਪਟਮੈਟਿਕ ਹੈਲਥਕੇਅਰ. ਕੰਟੇਨਮੈਂਟ ਜ਼ੋਨ 'ਚ, ਨਿਗਰਾਨੀ ਖੇਤਰ 'ਚ ਤਾਇਨਾਤ ਫਰੰਟਲਾਈਨ ਵਰਕਰਜ਼ ਤੇ ਕੋਰੋਨਾ ਵਾਇਰਸ ਪ੍ਰਭਾਵਿਤਾਂ ਨਾਲ ਜੁੜੀਆਂ ਗਤੀਵਿਧੀਆਂ 'ਚ ਸ਼ਾਮਲ ਪੁਲਿਸ ਤੇ ਨੀਮ ਫ਼ੌਜੀ ਬਲ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਲੈ ਸਕਦੇ ਹਨ।


ਦੱਸਿਆ ਜਾ ਰਿਹਾ ਹੈ ਕਿ ਸਿਹਤ ਸੇਵਾਵਾਂ ਡਾਇਰੈਕਟੋਰੇਟ ਦੀ ਨੁਮਾਇੰਦਗੀ ਹੇਠ ਸੰਯੁਕਤ ਨਿਗਰਾਨੀ ਸਮੂਹ ਤੇ ਏਮਸ, ਆਈਸੀਐੱਮਆਰ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, WHO ਦੇ ਨੁਮਾਇੰਦਿਆਂ ਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਨਾਲ ਜੁੜੇ ਮਾਹਿਰਾਂ ਦੀ ਕੋਰੋਨਾ ਪ੍ਰਭਾਵਿਤ ਤੇ ਗ਼ੈਰ-ਕੋਰੋਨਾ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰਨ ਵਾਲੇ ਸਾਰੇ ਸਿਹਤ ਮੁਲਾਜ਼ਮਾਂ ਨੂੰ ਇਸ ਦਵਾਈ ਦਾ ਇਸਤੇਮਾਲ ਕਰਨ ਸਬੰਧੀ ਸਮੀਖਿਆ ਬੈਠਕ 'ਚ ਸਿਫਾਰਸ਼ ਤੋਂ ਬਾਅਦ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਹਾਈਡ੍ਰੋਕਸੀਕਲੋਰੋਕਵੀਨ ਮਲੇਰੀਆ ਦੇ ਇਲਾਜ 'ਚ ਇਸਤੇਮਾਲ ਆਉਂਦੀ ਹੈ। ਭਾਰਤ 'ਚ ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਬਚਣ ਲਈ ਇਸ ਦੇ ਇਸਤੇਮਾਲ ਦੀ ਇਜਾਜ਼ਤ ਪਹਿਲਾਂ ਹੀ ਦੇ ਦਿੱਤੀ ਗਈ ਸੀ ਤੇ ਹੁਣ ਸਰਕਾਰ ਨੇ ਇਸ ਦੇ ਇਸਤੇਮਾਲ ਦਾ ਦਾਇਰਾ ਵਧਾਇਆ ਹੈ।


ਟਰੰਪ ਲੈ ਰਹੇ ਹਾਈਡ੍ਰੋਕਸੀਕੋਲੋਰੋਕਵੀਨ


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿੰਕ ਦੇ ਨਾਲ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਲੈ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਦੇ ਮਾਹਿਰਾਂ ਨੇ ਕਿਹਾ ਸੀ ਕਿ ਹਾਈਡ੍ਰੋਕਸੀਕਲੋਰੋਕਵੀਨ ਕੋਵਿਡ-19 ਦੇ ਇਲਾਜ 'ਚ ਕਾਰਗਾਰ ਨਹੀਂ ਹੈ। ਪੂਰੇ ਵਿਸ਼ਵ 'ਚ ਹਾਈਡ੍ਰੋਕਸੀਕਲੋਰੋਕਵੀਨ ਬਾਰੇ ਸਥਿਤੀ ਸਾਫ਼ ਨਹੀਂ ਹੈ। ਹਾਲਾਂਕਿ ਇਸ ਦੌਰਾਨ ਭਾਰਤ ਸਰਕਾਰ ਨੇ ਇਸ 'ਤੇ ਆਪਣਾ ਭਰੋਸਾ ਵਧਾਇਆ ਹੈ।

Posted By: Sarabjeet Kaur