ਨਵੀਂ ਦਿੱਲੀ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਵਿੱਤੀ ਧੋਖਾਧੜੀ ਦੇ ਦੋਸ਼ ਵਿਚ ICCW ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ICCW ਵਿਵਾਦ ਕਾਰਨ ਇਸ ਸਾਲ ਬਾਲ ਵੀਰਤਾ ਪੁਰਸਕਾਰ ਨਾਲ ਸਨਮਾਨਿਤ 21 ਬੱਚਿਆਂ ਨੂੰ ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ।

61 ਸਾਲਾਂ ਵਿਚ ਪਹਿਲੀ ਵਾਰ ਵੀਰਤਾ ਪੁਰਸਕਾਰ ਲਈ ਚੁਣੇ ਗਏ ਬੱਚੇ ਰਾਜਪਥ 'ਤੇ ਪਰੇਡ ਨਹੀਂ ਕਰਨਗੇ। 1957 ਤੋਂ ਲਗਾਤਾਰ ਵੀਰਤਾ ਪੁਰਸਕਾਰ ਨਾਲ ਸਨਮਾਨਿਤ ਬੱਚੇ 26 ਜਨਵਰੀ ਦੀ ਪਰੇਡ ਵਿਚ ਸ਼ਾਮਲ ਹੁੰਦੇ ਆਏ ਹਨ। ਪਰ ਵੀਰਤਾ ਪੁਰਸਕਾਰ ਲਈ ਬੱਚਿਆਂ ਨੂੰ ਚੁਣਨ ਵਾਲੀ ਇੰਡੀਅਨ ਕੌਂਸਲ ਆਫ ਚਾਈਲਡ ਵੈੱਲਫੇਅਰ (ICCW) 'ਤੇ ਵਿੱਤੀ ਗੜਬੜੀਆਂ ਕਰਨ ਦੇ ਦੋਸ਼ ਦਾ ਪਰਛਾਵਾਂ ਬੱਚਿਆਂ ਦੀ ਪਰੇਡ 'ਤੇ ਪੈ ਗਿਆ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਹੀ ਕੋਰਟ ਨੇ ਕੌਂਸਲ 'ਤੇ ਸਵਾਲ ਉਠਾਏ ਸਨ ਜਿਸ ਤੋਂ ਬਾਅਦ ਔਰਤ ਤੇ ਬਾਲ ਵਿਕਾਸ ਮੰਤਰਾਲੇ ਨੇ ਖ਼ੁਦ ਨੂੰ ਕੌਂਸਲ ਤੋਂ ਵੱਖਰਾ ਕਰ ਦਿੱਤਾ ਜਿਸ ਦਾ ਖਮਿਆਜ਼ਾ ਦੇਸ਼ ਦੇ 21 ਬਹਾਦੁਰ ਬੱਚਿਆਂ ਨੂੰ ਭੁਗਤਣਾ ਪੈ ਸਕਦਾ ਹੈ।

  • ICCW ਨੇ 1957 ਤੋਂ ਬੱਚਿਆਂ ਨੂੰ ਬਾਲ ਵੀਰਤਾ ਪੁਰਸਕਾਰ ਲਈ ਚੁਣਨ ਦੀ ਸ਼ੁਰੂਆਤ ਕੀਤੀ ਸੀ।
  • ਹੁਣ ਤਕ 963 ਬਹਾਦੁਰ ਬੱਚਿਆਂ ਨੂੰ ਵੀਰਤਾ ਪੁਰਸਕਾਰ ਮਿਲ ਚੁੱਕਾ ਹੈ।

  • ਜਿਨ੍ਹਾਂ ਵਿਚ 680 ਲੜਕੇ ਅਤੇ 283 ਲੜਕੀਆਂ ਸ਼ਾਮਲ ਹਨ।

ਸਰਕਾਰ ਹਰ ਸਾਲ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਮਨਾਏ ਜਾਣ ਵਾਲੇ ਰਾਸ਼ਟਰੀ ਬਾਲ ਦਿਵਸ 'ਤੇ ਹੋਣਹਾਰ ਬੱਚਿਆਂ ਨੂੰ ਨੈਸ਼ਨਲ ਐਵਾਰਡ ਫਾਰ ਚਿਲਡਰਨ ਦਿੰਦੀ ਰਹੀ ਹੈ। ਹਾਲਾਂਕਿ, ਇਸ ਵਾਰ ਇਨ੍ਹਾਂ ਪੁਰਸਕਾਰਾਂ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਕਰ ਦਿੱਤਾ ਗਿਆ ਹੈ। ਇਸ ਲਈ 26 ਬੱਚਿਆਂ ਦੀ ਚੋਣ ਹੋਈ ਹੈ। ਇਨ੍ਹਾਂ ਵਿਚ ਦੋ ਮੱਧ ਪ੍ਰਦੇਸ਼ ਤੋਂ ਹਨ ਅਤੇ ਇਕ ਕਰਨਾਟਕ ਦਾ ਹੈ।

Posted By: Seema Anand