ਜੰਮੂ : ਜੰਮੂ ਅਤੇ ਕਸ਼ਮੀਰ ਦੇ ਸਾਲ 2010 ਬੈਚ ਦੇ ਆਈਏਐੱਸ ਟਾਪਰ ਰਹੇ ਸ਼ਾਹ ਫੈਸਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋ ਕੇ ਬਾਰਾਮੂਲਾ ਸੀਟ ਤੋਂ ਲੋਕ ਸਭਾ ਚੋਣਾਂ ਲੜਨਗੇ।

ਕੁਪਵਾੜਾ ਦੇ ਲੋਲਾਬ ਘਾਟੀ ਦੇ ਰਹਿਣ ਵਾਲੇ 35 ਸਾਲਾ ਸ਼ਾਹ ਫੈਸਲ ਨੇ ਸਵੈ-ਇੱਛਾ ਨਾਲ ਸੇਵਾ ਮੁਕਤੀ ਲਈ ਅਰਜ਼ੀ ਦਿੱਤੀ ਹੈ। ਜਿਉਂ ਹੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਜਾਵੇਗਾ, ਉਹ ਨੈਸ਼ਨਲ ਕਾਨਫਰੰਸ ਵਿਚ ਸ਼ਾਮਲ ਹੋ ਜਾਣਗੇ। ਅਸਤੀਫ਼ਾ ਮਨਜ਼ੂਰ ਹੋਣ ਵਿਚ ਥੋੜ੍ਹਾ ਸਮਾਂ ਲੱਗੇਗਾ ਕਿਉਂਕਿ ਇਸ ਨੂੰ ਮਨਜ਼ੂਰੀ ਕੇਂਦਰ ਸਰਕਾਰ ਦੇ ਪਰਸਨਲ ਐਂਡ ਟ੍ਰੇਨਿੰਗ ਵਿਭਾਗ ਨੇ ਦੇਣੀ ਹੈ। ਉੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਸ਼ਾਹ ਫੈਸਲ ਦਾ ਰਾਜਨੀਤੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਨੌਕਰਸ਼ਾਹੀ ਨੂੰ ਨੁਕਸਾਨ ਜਦਕਿ ਰਾਜਨੀਤੀ ਦਾ ਫਾਇਦਾ ਹੈ।


ਜਿਉਂ ਹੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋਵੇਗਾ ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਮੀਤ ਪ੍ਰਧਾਨ ਉਮਰ ਅਬਦੁੱਲਾ ਨਾਲ ਮੁਲਾਕਾਤ ਕਰਨਗੇ। ਸ਼ਾਹ ਫੈਸਲ ਹਾਲ ਹੀ 'ਚ ਹਾਰਵਰਡ ਕੈਨੇਡੀ ਸਕੂਲ ਤੋਂ ਵਾਪਸ ਆਏ ਹਨ। ਸ਼ਾਹ ਫੈਸਲ ਉਸ ਵੇਲੇ ਚਰਚਾ ਵਿਚ ਆਏ ਸਨ ਜਦੋਂ ਉਨ੍ਹਾਂ ਨੇ 2010 ਵਿਚ ਆਈਏਐੱਸ ਵਿਚ ਟਾਪ ਕੀਤਾ ਸੀ ਅਤੇ ਉਹ ਟਾਪ ਕਰਨ ਵਾਲੇ ਕਸ਼ਮੀਰੀ ਸਨ। ਦੱਖਣੀ ਏਸ਼ੀਆ ਵਿਚ ਜਬਰ ਜਨਾਹ ਮਾਮਲੇ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਸ਼ਾਹ ਦੀ ਤਿੱਖੀ ਆਲੋਚਨਾ ਹੋਈ ਸੀ ਅਤੇ ਉਨ੍ਹਾਂ ਖ਼ਿਲਾਫ਼ ਜਾਂਚ ਵੀ ਬਿਠਾਈ ਗਈ ਸੀ। ਉਨ੍ਹਾਂ ਉਸ ਵੇਲੇ ਟਵੀਟ ਕਰ ਕੇ ਦੱਖਣੀ ਏਸ਼ੀਆ ਨੂੰ ਰੇਪਿਸਤਾਨ ਕਿਹਾ ਸੀ। ਉਨ੍ਹਾਂ ਆਪਣੇ ਇਸ ਬਿਆਨ ਨੂੰ ਵਾਪਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਹ ਅਜਿਹੇ ਅਧਿਕਾਰੀ ਰਹੇ ਹਨ ਜੋ ਸਰਕਾਰ ਦੀ ਅਕਸਰ ਆਲੋਚਨਾ ਕਰਦੇ ਰਹੇ ਹਨ।


ਉੱਥੇ ਸ਼ਾਹ ਫੈਸਲ ਨੇ ਟਵੀਟ ਕਰ ਕੇ ਲਿਖਿਆ ਕਿ ਕਸ਼ਮੀਰ ਵਿਚ ਹੱਤਿਆਵਾਂ ਅਤੇ ਭਾਰਤ ਸਰਕਾਰ ਦੇ ਗੰਭੀਰ ਯਤਨ ਨਾ ਹੋਣ ਕਾਰਨ ਵੀਹ ਕਰੋੜ ਭਾਰਤੀ ਮੁਸਲਮਾਨ ਹਿੰਦੁਤਵ ਤਾਕਤਾਂ ਅੱਗੇ ਦੂਸਰੇ ਦਰਜੇ ਦੇ ਨਾਗਰਿਕ ਬਣ ਕੇ ਰਹਿ ਗਏ ਹਨ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ 'ਤੇ ਹਮਲਾ ਹੋ ਰਿਹਾ ਹੈ ਅਤੇ ਅਸਹਿਣਸ਼ੀਲਤਾ ਦੀ ਸੰਸਕ੍ਰਿਤੀ ਵਿਚ ਇਜਾਫਾ ਹੋ ਰਿਹਾ ਹੈ। ਮੈਂ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਜਮਹੂਰੀ ਸੰਸਥਾਵਾਂ, ਆਰਬੀਆਈ, ਸੀਬੀਆਈ ਅਤੇ ਐੱਨਆਈਏ ਨੂੰ ਨੁਕਾਸਨ ਪਹੁੰਚਾਇਆ ਜਾ ਰਿਹਾ ਹੈ। ਜੇਕਰ ਅਸੀਂ ਸਹੀ ਜਮਹੂਰੀ ਪ੍ਰਕਿਰਿਆ ਵਿਚ ਰਹਿਣਾ ਹੈ ਤਾਂ ਸਾਨੂੰ ਅਜਿਹੇ ਵਾਤਾਵਰਨ ਨੂੰ ਬੰਦ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਰਾ, ਮਿੱਤਰਾਂ ਅਤੇ ਸ਼ੁਭ ਚਿੰਤਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਆਈਏਐੱਸ ਵਿਚ ਸਹਿਯੋਗ ਦਿੱਤਾ। ਮੈਂ ਸ਼ੁੱਕਰਵਾਰ ਨੂੰ ਆਪਣੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਪ੍ਰੈੱਸ ਕਾਨਫਰੰਸ ਕਰਾਂਗਾ।