ਸੁਲੂਰ, ਏਐੱਨਆਈ : ਭਾਰਤੀ ਹਵਾਈ ਫ਼ੌਜ ਨੂੰ ਅੱਜ ਤੇਜਸ ਲੜਾਕੂ ਜਹਾਜ਼ਾਂ ਦਾ ਨਵਾਂ ਤੇ ਦੂਸਰਾ ਸਕਵਾਰਡਨ ਮਿਲ ਗਿਆ। ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਨੇ ਤਾਮਿਲਨਾਡੂ ਦੇ ਸੁਲੂਰ ਏਅਰਬੇਸ 'ਤੇ ਹਵਾਈ ਫ਼ੌਜ ਦੀ 18ਵੀਂ ਸਕਵਾਰਡਨ ਨੂੰ ਸੌਂਪਿਆ। ਭਾਰਤੀ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਨੇ ਅੱਜ ਹਵਾਈ ਫ਼ੌਜ ਸਟੇਸ਼ਨ ਸੁਲੂਰ 'ਚ 45ਵੀਂ ਸਕਵਾਰਡਨ ਨਾਲ ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਲੜਾਕੂ ਜਹਾਜ਼ ਉਡਾਇਆ। ਉਨ੍ਹਾਂ ਸਿੰਗਲ ਸੀਟਰ ਲੜਾਕੂ ਜਹਾਜ਼ ਤੇਜਸ 'ਚ ਉਡਾਣ ਭਰੀ।

ਏਅਰਫੋਰਸ ਦੀ 18ਵੀਂ ਸਕਵਾਰਡਨ ਹੁਣ ਹਲਕੇ ਲੜਾਕੂ ਜਹਾਜ਼ (Light Combat Aircraft) ਤੇਜਸ ਨਾਲ ਲੈਸ ਹੋਵੇਗੀ। ਤੇਜਸ ਜਹਾਜ਼ ਉਡਾਉਣ ਵਾਲੀ ਏਅਰਫੋਰਸ ਦੀ ਇਹ ਦੂਸਰੀ ਸਕਵਾਰਡਨ ਹੋਵੇਗੀ। ਇਸ ਤੋਂ ਪਹਿਲਾਂ 45ਵੀਂ ਸਕਵਾਰਡਨ ਅਜਿਹਾ ਕਰ ਚੁੱਕੀ ਹੈ।

15 ਅਪ੍ਰੈਲ, 1965 ਨੂੰ ਗਠਿਤ ਇਹ ਸਕਵਾਰਡਨ ਆਪਣੇ ਆਦਰਸ਼ ਵਾਕਿਆ 'ਟੇਵਰਾ ਤੇ ਨਿਰਭੈਆ' ਜਿਸ ਦਾ ਅਰਥ ਹੁੰਦਾ ਹੈ 'ਸਵਿਫਟ ਐਂਡ ਫੀਅਰਲੈੱਸ' ਦੇ ਨਾਲ ਹੁਣ ਤਕ ਮਿੱਗ-27 ਜਹਾਜ਼ ਉਡਾ ਰਿਹਾ ਸੀ। ਇਸ ਤੋਂ ਪਹਿਲਾਂ 15 ਅਪ੍ਰੈਲ, 2016 ਨੂੰ ਨੰਬਰ ਪਲੇਟ ਲਗਾ ਦਿੱਤੀ ਗਈ ਸੀ। ਸਕਵਾਰਡਨ ਨੂੰ ਇਸ ਸਾਲ ਇਕ ਅਪ੍ਰੈਲ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ।

ਇਸ ਸਕਵਾਰਡਨ ਨੇ ਪਾਕਿਸਤਾਨ ਨਾਲ 1971 ਦੀ ਜੰਗ 'ਚ ਸਰਗਰਮ ਰੂਪ 'ਚ ਹਿੱਸਾ ਲਿਆ ਤੇ ਮਰਨ ਉਪਰੰਤ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਨੂੰ ਸਰਬੋਤਮ ਵੀਰਤਾ ਪੁਰਸਕਾਰ 'ਪਰਮਵੀਰ ਚੱਕਰ' ਨਾਲ ਨਿਵਾਜਿਆ ਗਿਆ ਸੀ। ਇਸ ਸਕਵਾਰਡਨ ਨੂੰ ਸ੍ਰੀਨਗਰ 'ਚ ਸਭ ਤੋਂ ਪਹਿਲਾਂ ਉਤਰਣ ਤੇ ਉੱਥੇ ਕੰਮ ਕਰਨ ਲਈ 'ਡਿਫੈਂਡਰਜ਼ ਆਫ ਕਸ਼ਮੀਰ ਵੈਲੀ' ਵੀ ਕਿਹਾ ਗਿਆ। ਏਅਰਫੋਰਸ ਦੀ ਇਸ ਸਕਵਾਰਡਨ ਨੂੰ ਨਵੰਬਰ 2015 'ਚ ਰਾਸ਼ਟਰਪਤੀ ਦੇ ਮਾਪਦੰਡ ਸਮੇਤ ਪੇਸ਼ ਕੀਤਾ ਗਿਆ ਸੀ।

ਤੇਜਸ ਇਕ ਸਵਦੇਸ਼ੀ ਚੌਥੀ ਪੀੜ੍ਹੀ ਦਾ ਟੇਲਲੈੱਸ ਕੰਪਾਊਂਡ ਡੇਲਟਾ ਵਿੰਗ ਜਹਾਜ਼ ਹੈ। ਇਹ ਫਲਾਈ-ਬਾਏ-ਵਾਇਰ ਫਲਾਈਟ ਕੰਟਰੋਲ ਸਿਸਟਮ, ਇੰਟੀਗ੍ਰੇਟਿਡ ਡਿਜੀਟਲ ਏਵੀਓਨਿਕਸ, ਮਲਟੀਮੌਡ ਰਡਾਰ ਨਾਲ ਲੈਸ ਹੈ ਤੇ ਇਸ ਦੀ ਰਚਨਾ ਕੰਪੋਜ਼ਿਟ ਮੈਟੀਰੀਅਲ ਨਾਲ ਬਣੀ ਹੈ। ਤੇਜਸ ਚੌਥੀ ਪੀੜ੍ਹੀ ਦੇ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੇ ਸਮੂਹ 'ਚ ਸਭ ਤੋਂ ਹਲਕਾ ਤੇ ਸਭ ਤੋਂ ਛੋਟਾ ਹੈ। ਹਾਲ ਹੀ 'ਚ ਦੇਸ਼ ਵਿਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਦੇ ਨੇਵੀ ਸੰਸਕਰਨ ਨੇ ਜੰਗੀ ਬੇੜੇ ਆਈਐੱਨਐੱਸ ਵਿਕਰਮਾਦਿਤਿਆ ਦੇ 'ਸਕੀ-ਜੰਪ' ਡੈੱਕ ਤੋਂ ਸਫ਼ਲਤਾਪੂਰਵਕ ਉਡਾਣ ਭਰੀ ਸੀ।

Posted By: Seema Anand