ਨਵੀਂ ਦਿੱਲੀ, ਜੇਐੱਨਐੱਨ। ਗ੍ਰੇਟਰ ਨੋਇਡਾ 'ਚ ਹੋ ਰਹੇ ਕਾਪ-14 'ਚ ਹਿੱਸਾ ਲੈਣ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਵਾਤਾਵਰਨ ਤੇ ਧਰਤੀ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਨ ਦੇ ਨਾਲ ਹੀ ਸਿੰਗਲ ਯੂਜ਼ ਪਲਾਸਟਿਕ ਦਾ ਉਪਯੋਗ ਬੰਦ ਕਰਨ ਦੀ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਵਾਲੇ ਸਾਲਾਂ 'ਚ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ 'ਤੇ ਪਾਬੰਦੀ ਲਗਾਏਗਾ। ਉਨ੍ਹਾਂ ਦਾ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਦੁਨੀਆ ਦੇ ਸਾਰੇ ਦੇਸ਼ ਸਿੰਗਲ ਯੂਜ਼ ਪਲਾਸਟਿਕ ਨੂੰ ਅਲਵਿਦਾ ਕਹਿ ਦੇਣ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਦਾ ਪ੍ਰਬੰਧ ਵੀ ਇਕ ਅਹਿਮ ਮੁੱਦਾ ਹੈ ਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਸਰਕਾਰ ਨੇ ਜਲ ਮੰਤਰਾਲੇ ਬਣਾਇਆ ਹੈ ਜੋ ਪਾਣੀ ਨਾਲ ਸਬੰਧਤ ਹਰ ਮਹੱਤਪਵੂਰਨ ਮੁੱਦੇ ਨੂੰ ਦੇਖੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਦੋਂ ਉਜਾੜ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਲ ਸੰਕਟ ਜਿਹੀਆਂ ਸਮੱਸਿਆਵਾਂ 'ਤੇ ਵੀ ਵਿਚਾਰ ਕਰਨਾ ਪੈਂਦਾ ਹੈ। ਜ਼ਮੀਨ ਨੂੰ ਉਜਾੜ ਹੋਣ ਤੋਂ ਬਚਾਉਣ ਲਈ ਜਲ ਸੁਰੱਖਿਆ 'ਤੇ ਵਿਚਾਰ ਕਰਨਾ ਹੋਵੇਗਾ। ਭਾਰਤ ਦੀ ਸੰਸਕ੍ਰਿਤੀ 'ਚ ਧਰਤੀ, ਜਲ, ਹਵਾ ਤੇ ਵਾਤਾਵਰਨ ਦੀ ਸੁਰੱਖਿਆ ਦਾ ਸੰਕਲਪ ਮੌਜੂਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ 'ਚ ਸਾਲ 2015 ਤੋਂ ਸਾਲ 2017 ਵਿਚਾਲੇ ਜੰਗਲਾਤ ਦੇ ਖੇਤਰ 'ਚ 0.8 ਹੈਕਟੇਅਰ ਦਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਚ ਸਦਾ ਤੋ ਧਰਤੀ ਨੂੰ ਪਵਿੱਤਰ ਸਥਾਨ ਦਿੱਤਾ ਗਿਆ ਹੈ। ਭਾਰਤੀ ਸੰਸਕ੍ਰਿਤੀ 'ਚ ਧਰਤ ਨੂੰ ਮਾਂ ਮੰਨਿਆ ਗਿਆ ਹੈ। ਭਾਰਤ ਦੇ ਲੋਕ ਸਵੇਰੇ ਉੱਠ ਕੇ ਧਰਤੀ ਨੂੰ ਨਮਨ ਕਰ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ।

Posted By: Akash Deep