ਜੇਐੱਨਐੱਨ, ਨਵੀਂ ਦਿੱਲੀ : Hypersonic Technology Demonstrator Vehicle ਦੇ ਸਫਲ ਪ੍ਰੀਖਣ ਨੇ ਭਾਰਤੀ ਰੱਖਿਆ ਪ੍ਰਣਾਲੀ ਨੂੰ ਅਜਿਹੀ ਰਫ਼ਤਾਰ ਪ੍ਰਦਾਨ ਕੀਤੀ ਹੈ, ਜਿਸ ਦੀ ਬਰਾਬਰੀ ਦੁਨੀਆ ਦੇ ਮਹਿਜ਼ ਤਿੰਨ ਦੇਸ਼ ਕਰ ਸਕਦੇ ਹਨ। ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਆਪਣੇ ਦਮ 'ਤੇ ਹਾਈਪਰਸੋਨਿਕ ਤਕਨੀਕ ਵਿਕਸਿਤ ਕਰ ਕੇ ਭਾਰਤ ਨੇ ਆਧੁਨਿਕ ਰੱਖਿਆ ਪ੍ਰਣਾਲੀ ਦੇ ਖੇਤਰ 'ਚ ਵੱਡੀ ਛਲਾਂਗ ਮਾਰੀ ਹੈ।

ਕੀ ਹੈ ਐੱਚਐੱਸਟੀਡੀਵੀ?

Hypersonic Technology Demonstrator Vehicle ਸਕ੍ਰੈਮਜੈੱਟ ਏਅਰ ਕਰਾਫਟ ਜਾਂ ਇੰਜਣ ਹੈ, ਜੋ ਆਪਣੇ ਨਾਲ ਲੰਬੀ ਦੂਰੀ ਤੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲਾਂ ਨੂੰ ਲਿਜਾ ਸਕਦਾ ਹੈ। ਇਸ ਦੀ ਰਫ਼ਤਾਰ ਆਵਾਜ਼ ਤੋਂ ਛੇ ਗੁਣਾ ਜ਼ਿਆਦਾ ਹੈ। ਇਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਸਥਿਤ ਦੁਸ਼ਮਣਾਂ ਦੇ ਠਿਕਾਣੇ ਨੂੰ ਮਹਿਜ਼ ਕੁਝ ਹੀ ਦੇਰ 'ਚ ਨਿਸ਼ਾਨਾ ਬਣਾ ਸਕਦਾ ਹੈ। ਇਸ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਦੁਸ਼ਮਣ ਨੂੰ ਇਸ ਨੂੰ ਰੋਕਣ ਜਾਂ ਕਾਰਵਾਈ ਕਰਨ ਦਾ ਮੌਕਾ ਵੀ ਨਹੀਂ ਮਿਲਦਾ। ਐੱਚਐੱਸਟੀਡੀਵੀ ਦੇ ਸਫ਼ਲ ਪ੍ਰੀਖਣ ਨਾਲ ਭਾਰਤ ਨੂੰ ਉੱਨਤ ਤਕਨੀਕ ਵਾਲੀ ਹਾਈਪਰਸੋਨਿਕ ਮਿਜ਼ਾਈਲ ਬ੍ਰਹਿਮੋਸ-2 ਦੀ ਤਿਆਰੀ 'ਚ ਮਦਦ ਮਿਲੇਗੀ। ਇਸ ਦਾ ਵਿਕਾਸ ਰੱਖਿਆ ਖੋਜ ਤੇ ਵਿਕਾਸ ਸੰਗਠਨ ਤੇ ਰੂਸ ਦੀ ਪੁਲਾੜ ਏਜੰਸੀ ਕਰ ਰਹੀ ਹੈ।

ਕਿਉਂ ਹੈ ਖ਼ਾਸ

ਆਮ ਮਿਜ਼ਾਈਲਾਂ ਬੈਲਿਸਟਿਕ ਟ੍ਰੈਜੈਕਟਰੀ ਤਕਨੀਕ 'ਤੇ ਆਧਾਰਤ ਹੁੰਦੀਆਂ ਹਨ, ਯਾਨੀ ਉਨ੍ਹਾਂ ਦੇ ਰਸਤੇ ਨੂੰ ਆਸਾਨੀ ਨਾਲ ਟਰੈਕ ਕਰਨ ਦੇ ਨਾਲ-ਨਾਲ ਕਾਊਂਟਰ ਅਟੈਕ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ। ਇਸ ਦੇ ਉਲਟ ਹਾਈਪਰਸੋਨਿਕ ਮਿਜ਼ਾਈਲ ਪ੍ਰਣਾਲੀ ਦੇ ਰਸਤੇ ਦਾ ਪਤਾ ਲਾਉਣਾ ਨਾ-ਮੁਮਕਿਨ ਹੈ। ਫਿਲਹਾਲ ਅਜਿਹੀ ਕੋਈ ਤਕਨੀਕ ਨਹੀਂ ਹੈ, ਜਿਸ ਨਾਲ ਇਨ੍ਹਾਂ ਮਿਜ਼ਾਈਲਾਂ ਦਾ ਪਤਾ ਲਾਇਆ ਜਾ ਸਕੇ।

ਕੀ ਹੈ ਸਕ੍ਰੈਮਜੈੱਟ ਇੰਜਣ

ਈਸਰੋ ਨੇ 28 ਅਗਸਤ, 2016 ਨੂੰ ਸਕ੍ਰੈਮਜੈੱਟ ਇੰਜਣ ਦਾ ਸਫਲ ਪ੍ਰੀਖਣ ਕੀਤਾ ਸੀ। ਇਸ ਨੂੰ ਸੁਪਰਸੋਨਿਕ ਕਾਮਬਿਊਸ਼ਨ ਰੈਮਜੈੱਟ ਇੰਜਣ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਾ ਭਾਰ ਘੱਟ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਪੁਲਾੜ ਖ਼ਰਚਿਆਂ 'ਚ ਵੀ ਕਮੀ ਆਵੇਗੀ। ਏਅਰ ਬ੍ਰੀਦਿੰਗ ਤਕਨੀਕ 'ਤੇ ਕੰਮ ਕਰਨ ਵਾਲੇ ਇਸ ਏਅਰ ਕਰਾਫਟ ਤੋਂ ਪੇਲੋਡ ਭੇਜਿਆ ਜਾ ਸਕੇਗਾ ਤੇ ਇਸ ਦਾ ਦੁਬਾਰਾ ਇਸਤੇਮਾਲ ਵੀ ਕੀਤਾ ਜਾ ਸਕੇਗਾ। ਇਹ ਬਹੁਤ ਜ਼ਿਆਦਾ ਦਬਾਅ ਤੇ ਉੱਚ ਤਾਪਮਾਨ 'ਤੇ ਵੀ ਕੰਮ ਕਰ ਸਕਦਾ ਹੈ।

ਸਬਸੋਨਿਕ, ਸੁਪਰਸੋਨਿਕ ਤੇ ਹਾਈਪਰਸੋਨਿਕ 'ਚ ਫ਼ਰਕ

ਬ੍ਰਿਟੇਨ ਨਿਵਾਸੀ ਰੱਖਿਆ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਜੇਮਜ਼ ਬਾਸ਼ਬੋਟਿੰਸ ਅਨੁਸਾਰ ਸਬਸੋਨਿਕ ਮਿਜ਼ਾਈਲਾਂ ਦੀ ਰਫ਼ਤਾਰ ਆਵਾਜ਼ ਤੋਂ ਘੱਟ ਹੁੰਦੀ ਹੈ। ਇਸ ਦੀ ਰਫ਼ਤਾਰ 705 ਮੀਲ (1,134 ਕਿਮੀ) ਪ੍ਰਤੀ ਘੰਟੇ ਤਕ ਹੁੰਦੀ ਹੈ। ਇਸ ਸ਼੍ਰੇਣੀ 'ਚ ਅਮਰੀਕਾ ਦੀ ਟਾਮਹਾਕ, ਫਰਾਂਸ ਦੀ ਐਕਸੋਸੈਟ, ਭਾਰਤੀ ਦੀਆਂ ਨਿਰਭਿਆ ਮਿਜ਼ਾਈਲ ਆਉਂਦੀ ਹੈ। ਇਹ ਮਿਜ਼ਾਈਲਾਂ ਸਸਤੀਆਂ ਹੋਣ ਦੇ ਨਾਲ-ਨਾਲ ਆਕਾਰ 'ਚ ਛੋਟੀਆਂ ਤੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਹੁੰਦੀਆਂ ਹਨ।

ਸੁਪਰਸੋਨਿਕ ਮਿਜ਼ਾਈਲਾਂ ਦੀ ਰਫ਼ਤਾਰ ਆਵਾਜ਼ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਜ਼ਿਆਦਾਤਰ ਸੁਪਰਸੋਨਿਕ ਮਿਜ਼ਾਈਲਾਂ ਦੀ ਰਫ਼ਤਾਰ 2,300 ਮੀਲ (ਕਰੀਬ 3,701 ਕਿਮੀ) ਪ੍ਰਤੀ ਘੰਟੇ ਤਕ ਹੁੰਦੀ ਹੈ। ਇਸ ਸ਼੍ਰੇਣੀ ਦੀ ਸਭ ਤੋਂ ਪ੍ਰਚੱਲਿਤ ਮਿਜ਼ਾਈਲ ਬ੍ਰਹਿਮੋਸ ਹੈ। ਹਾਈਪਰਸੋਨਿਕ ਮਿਜ਼ਾਈਲਾਂ ਦੀ ਰਫ਼ਤਾਰ 3,800 ਮੀਲ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਹੁੰਦੀ ਹੈ। ਯਾਨੀ ਇਨ੍ਹਾਂ ਦੀ ਰਫ਼ਤਾਰ ਆਵਾਜ਼ ਤੋਂ ਪੰਜ ਗੁਣਾ ਜ਼ਿਆਦਾ ਹੁੰਦੀ ਹੈ ਤੇ ਇਸ ਲਈ ਸਕ੍ਰੈਮਜੈਟ ਯਾਨੀ ਮੈਕ-6 ਦੇ ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ।

Posted By: Harjinder Sodhi