ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ 'ਚ ਮੰਗਲਵਾਰ ਦੀ ਸਵੇਰੇ ਟ੍ਰਿਪਲ ਮਰਡਰ ਕਾਰਨ ਸਨਸਨੀ ਫੈਲ ਗਈ। ਕੋਤਵਾਲੀ ਥਾਣਾ ਖੇਤਰ 'ਚ ਇਕ ਘਰ 'ਚੋਂ ਤਿੰਨ ਖ਼ੂਨ ਨਾਲ ਲਿਬੜੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਪਟਨਾ ਦੇ ਇਕ ਵੱਡੇ ਵਪਾਰੀ ਨੇ ਪਹਿਲਾਂ ਪਤਨੀ ਅਤੇ ਬੇਟੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਘਟਨਾ 'ਚ ਜ਼ਿੰਦਾ ਬਚ ਗਏ ਇਕ ਬੱਚੇ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਨਗਰ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

ਬੜੀ ਉਮੀਦ ਨਾਲ ਖੋਲ੍ਹੀ ਸੀ ਦੁਕਾਨ, ਮਹਿਮਾਨ ਬਣੀ ਸੀ ਅਮੀਸ਼ਾ

ਮ੍ਰਿਤਕ ਵਪਾਰੀ ਨਿਸ਼ਾਂਤ ਨੇ ਹਾਲ ਹੀ 'ਚ ਪਟਨਾ ਦੇ ਖੇਤਾਨ ਮਾਰਕੀਟ 'ਚ ਰਿਟੇਲ ਟੈਕਸਟਾਈਲ ਦੁਕਾਨ ਦੀ ਲਾਂਚਿੰਗ ਕੀਤੀ ਸੀ ਜਿਸ ਵਿਚ ਬਾਲੀਵੁੱਡ ਐਕਟ੍ਰੈਸ ਅਮੀਸ਼ਾ ਪਟੇਲ ਆਈ ਸੀ। ਇਸ ਪਰਿਵਾਰ ਦਾ ਕੱਪੜੇ ਦੇ ਨਾਲ-ਨਾਲ ਜਿਊਲਰੀ ਦਾ ਵੀ ਵਪਾਰ ਹੈ। ਉਨ੍ਹਾਂ ਦੇ ਨਾਲ ਪਟਨਾ 'ਚ ਕਈ ਦੁਕਾਨਾਂ ਅਤੇ ਵਪਾਰਕ ਕੰਪਲੈਕਸ ਹਨ।

ਜਾਣਕਾਰੀ ਅਨੁਸਾਰ ਕੋਤਵਾਲੀ ਥਾਣਾ ਖੇਤਰ ਦੇ ਕਿਦਵਈਪੁਰੀ 'ਚ ਨਿਸ਼ਾਂਤ (37) ਪਤਨੀ ਅਲਕਾ ਸਰਾਫ (35) ਅਤੇ ਦੋ ਬੱਚਿਆਂ ਅਨੰਨਿਆ (9) ਤੇ ਇਸ਼ਾਨ (4) ਨਾਲ ਰਹਿੰਦੇ ਸਨ। ਨਿਸ਼ਾਂਤ ਪਟਨਾ ਦੇ ਇਕ ਵੱਡੇ ਵਪਾਰੀ ਸਨ। ਰਾਜਧਾਨੀ ਦੇ ਖੇਤਾਨ ਮਾਰਕੀਟ 'ਚ ਉਨ੍ਹਾਂ ਦੀ ਕੱਪੜੇ ਦੀ ਦੁਕਾਨ ਹੈ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਪਰਿਵਾਰ ਦੇ ਸਾਰੇ ਲੋਕ ਖਾਣਾ ਖਾ ਕੇ ਸੌਂ ਗਏ। ਸਵੇਰੇ ਜਦੋਂ ਕਾਫ਼ੀ ਦੇਰ ਤਕ ਕੋਈ ਨਹੀਂ ਉੱਠਿਆ ਤਾਂ ਗੁਆਂਢ ਦੇ ਲੋਕਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਬੈੱਡਰੂਮ 'ਚ ਨਿਸ਼ਾਂਤ, ਉਨ੍ਹਾਂ ਦੀ ਪਤਨੀ ਤੇ ਬੇਟੀ ਦੀਆਂ ਲਾਸ਼ਾਂ ਪਈਆਂ ਸਨ।

Posted By: Seema Anand