ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਹਾਈ ਕੋਰਟ ’ਚ ਦਾਖ਼ਲ ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ’ਚ ਇਕ ਔਰਤ ਨੇ ਗੰਭੀਰ ਰੂਪ ਵਿਚ ਬਿਮਾਰ ਪਤੀ ਦੇ ਸ਼ੁਕਰਾਣੂਆਂ ਤੋਂ ਗਰਭ ਧਾਰਨ ਦੀ ਇੱਛਾ ਪ੍ਰਗਟਾਉਂਦੇ ਹੋਏ ਇਸ ਸਬੰਧ ਵਿਚ ਹਸਪਤਾਲ ਪ੍ਰਬੰਧਕਾਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ। ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਆਪਣੇ ਅੰਤ੍ਰਿਮ ਆਦੇਸ਼ ਵਿਚ ਹਸਪਤਾਲ ਪ੍ਰਬੰਧਕਾਂ ਨੂੰ ਮਰੀਜ਼ ਦੇ ਸ਼ੁਕਰਾਣੂ ਸੁਰੱਖਿਅਤ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।

ਬਡੋਦਰਾ ਸ਼ਹਿਰ ਦੇ ਇਕ ਹਸਪਤਾਲ ’ਚ ਦਾਖ਼ਲ ਮਰੀਜ਼ ਦੀ ਹਾਲਤ ਬੇਹੱਦ ਗੰਭੀਰ ਹੈ। ਡਾਕਟਰ ਕੋਵਿਡ 19 ਦੇ ਇਸ ਮਰੀਜ਼ ਦੇ ਬਚਣ ਦੀ ਸੰਭਾਵਨਾ ਬੇਹੱਦ ਘੱਟ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ ਸ਼ਾਇਦ 24 ਘੰਟੇ ਵੀ ਨਾ ਬਚ ਸਕੇ। ਇਸ ਦੌਰਾਨ ਔਰਤ ਨੇ ਹਸਪਤਾਲ ਪ੍ਰਬੰਧਕਾਂ ਤੋਂ ਆਪਣੇ ਪਤੀ ਦੇ ਬੱਚੇ ਦੀ ਮਾਂ ਬਣਨ ਦੀ ਇੱਛਾ ਪ੍ਰਗਟਾਈ। ਹਸਪਤਾਲ ਪ੍ਰਬੰਧਕਾਂ ਤੇ ਡਾਕਟਰਾਂ ਨੇ ਮਰੀਜ਼ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਔਰਤ ਨੂੰ ਅਦਾਲਤ ਤੋਂ ਇਜਾਜ਼ਤ ਲੈਣ ਦੀ ਸਲਾਹ ਦਿੱਤੀ। ਇਸ ’ਤੇ ਔਰਤ ਨੇ ਮੰਗਲਵਾਰ ਨੂੰ ਵਕੀਲ ਨਿਲਯ ਪਟੇਲ ਜ਼ਰੀਏ ਗੁਜਰਾਤ ਹਾਈ ਕੋਰਟ ’ਚ ਤੁਰੰਤ ਸੁਣਵਾਈ ਲਈ ਪਟੀਸ਼ਨ ਦਾਖ਼ਲ ਕੀਤੀ। ਇਸ ਵਿਚ ਔਰਤ ਨੇ ਕਿਹਾ ਕਿ ਇਨ ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐੱਫ/ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਤੋਂ ਉਸ ਨੂੰ ਗਰਭ ਧਾਰਨ ਦੀ ਮਨਜ਼ੂਰੀ ਦਿੱਤੀ ਜਾਵੇ।

ਗੁਜਰਾਤ ਹਾਈ ਕੋਰਟ ਦੇ ਜਸਟਿਸ ਏਜੇ ਸ਼ਾਸਤਰੀ ਨੇ ਆਪਣੇ ਅੰਤ੍ਰਿਮ ਆਦੇਸ਼ ’ਚ ਹਸਪਤਾਲ ਪ੍ਰਬੰਧਕਾਂ ਨੂੰ ਆਈਵੀਐੱਫ/ਏਆਰਟੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਮਰੀਜ਼ ਦੇ ਸ਼ੁਕਰਾਣੂਆਂ ਦਾ ਨਮੂਨਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿੱਤਾ। ਨਾਲ ਹੀ ਪਟੀਸ਼ਨਕਰਤਾ ਤੇ ਸਰਕਾਰੀ ਵਕੀਲ ਨੂੰ ਅਦਾਲਤ ਦੇ ਫ਼ੈਸਲੇ ਤੋਂ ਹਸਪਤਾਲ ਪ੍ਰਬੰਧਕਾਂ ਨੂੰ ਤੁਰੰਤ ਜਾਣੂੰ ਕਰਵਾਉਣ ਲਈ ਕਿਹਾ ਤਾਂ ਕਿ ਸ਼ੁਕਰਾਣੂ ਸੁਰੱਖਿਅਤ ਕਰਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਹੋ ਸਕੇ। ਅਦਾਲਤ ਨੇ ਇਸ ਮੁੱਦੇ ’ਤੇ ਰਾਜ ਸਰਕਾਰ ਤੇ ਹਸਪਤਾਲ ਪ੍ਰਬੰਧਕਾਂ ਨੂੰ 23 ਜੁਲਾਈ ਨੂੰ ਜਵਾਬ ਦਾਖਲ ਕਰਨ ਲਈ ਕਿਹਾ।

Posted By: Jatinder Singh