ਗੁਹਾਟੀ (ਪੀਟੀਆਈ) : ਗੁਹਾਟੀ ਹਾਈ ਕੋਰਟ ਨੇ ਤਲਾਕ ਦੇ ਇਕ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇ ਕੋਈ ਪਤਨੀ ਵਿਆਹੁਤਾ ਹਿੰਦੂ ਔਰਤ ਵਾਂਗ ਸਿੰਦੂਰ ਪਾਉਣ ਤੋਂ ਮਨ੍ਹਾਂ ਕਰਦੀ ਹੈ ਤਾਂ ਇਸ ਦਾ ਮਤਲਬ ਕਿ ਉਸ ਨੂੰ ਵਿਆਹ ਮਨਜ਼ੂਰ ਨਹੀਂ ਹੈ। ਅਦਾਲਤ ਨੇ ਇਸ ਆਧਾਰ 'ਤੇ ਇਕ ਵਿਅਕਤੀ ਨੂੰ ਤਲਾਕ ਦੇ ਦਿੱਤਾ।

ਚੀਫ ਜਸਟਿਸ ਅਜੇ ਲਾਂਬਾ ਤੇ ਜਸਟਿਸ ਸੌਮਿਤਰ ਸੈਕੀਆ ਦੇ ਦੋ ਮੈਂਬਰੀ ਬੈਂਚ ਨੇ ਪਰਿਵਾਰਕ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਤਲਾਕ ਮਨਜ਼ੂਰ ਕੀਤਾ। ਪਰਿਵਾਰਕ ਕੋਰਟ ਨੇ ਇਹ ਕਹਿੰਦਿਆਂ ਪਤੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਕਿ ਪਤਨੀ ਦਾ ਵੰਗਾਂ ਤੇ ਸਿੰਦੂਰ ਨਾ ਪਾਉਣਾ ਉਸ ਨਾਲ ਅੱਤਿਆਚਾਰ ਨਹੀਂ ਹੈ।

ਬੈਂਚ ਨੇ ਕਿਹਾ ਕਿ ਇਨ੍ਹਾਂ ਹਾਲਾਤ 'ਚ ਜੇ ਪਤੀ ਨੂੰ ਪਤਨੀ ਨਾਲ ਰਹਿਣ ਲਈ ਮਜਬੂਰ ਕੀਤਾ ਜਾਵੇ ਤਾਂ ਇਹ ਉਸ ਦਾ ਸ਼ੋਸ਼ਣ ਮੰਨਿਆ ਜਾ ਸਕਦਾ ਹੈ। ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ, 'ਪਤਨੀ ਜੇ ਵੰਗਾਂ ਤੇ ਸਿੰਦੂਰ ਨਹੀਂ ਪਾਉਂਦੀ ਤਾਂ ਇਹ ਉਸ ਨੂੰ ਕੁਆਰਾ ਦਿਖਾਉਂਦੀ ਹੈ ਤਾਂ ਫਿਰ ਇਸ ਦਾ ਮਤਲਬ ਹੈ ਕਿ ਉਸ ਨੂੰ ਵਿਆਹ ਮਨਜ਼ੂਰ ਨਹੀਂ ਹੈ। ਪਤਨੀ ਦਾ ਅਜਿਹਾ ਵਿਵਹਾਰ ਦਰਸਾਉਂਦਾ ਹੈ ਕਿ ਉਹ ਆਪਣੇ ਵਿਆਹ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੀ'।