ਵਾਸ਼ਿੰਗਟਨ (ਏਜੰਸੀਆਂ) : ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਜ਼ਰ ਨੋਬਲ ਪੁਰਸਕਾਰ 'ਤੇ ਹੈ? ਕੀ ਇਹੀ ਉਹ ਵਜ੍ਹਾ ਹੈ ਕਿ ਟਰੰਪ ਭਾਰਤ-ਚੀਨ ਵਿਵਾਦ 'ਚ ਵਿਚੋਲਗੀ ਲਈ ਕਾਹਲੇ ਹਨ? ਇਕ ਪੱਤਰਕਾਰ ਦੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਟਰੰਪ ਜਿਸ ਤਰ੍ਹਾਂ ਭਾਰਤ-ਚੀਨ ਵਿਵਾਦ ਵਿਚ ਵਿਚੋਲਗੀ ਦੀ ਪੇਸ਼ਕਸ਼ ਕਰ ਬੈਠੇ, ਉਸ ਤੋਂ ਕੁਝ ਅਜਿਹਾ ਹੀ ਲੱਗਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਭਾਰਤ-ਚੀਨ ਵਿਵਾਦ ਸੁਲਝਾਉਣ ਵਿਚ ਉਹ ਕੋਈ ਮਦਦ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। ਹਾਲਾਂਕਿ, ਟਰੰਪ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਭਾਰਤ ਅਤੇ ਚੀਨ ਖ਼ੁਦ ਹੀ ਕੋਈ ਰਸਤਾ ਕੱਢ ਲੈਣਗੇ।

ਟਰੰਪ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਇਕ ਪੱਤਰਕਾਰ ਨੇ ਨੋਬਲ ਪੁਰਸਕਾਰ ਲਈ ਟਰੰਪ ਨੂੰ ਨਾਮਜ਼ਦ ਕੀਤੇ ਜਾਣ ਦੇ ਬਾਰੇ ਵਿਚ ਇਕ ਸਵਾਲ ਪੁੱਛਿਆ। ਦਰਅਸਲ, ਨਾਰਵੇ ਦੇ ਇਕ ਸੰਸਦ ਮੈਂਬਰ ਨੇ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਇਤਿਹਾਸਕ ਸਮਝੌਤੇ ਦੇ ਸੰਦਰਭ ਵਿਚ ਨੋਬਲ ਪੁਰਸਕਾਰ ਲਈ ਟਰੰਪ ਨੂੰ ਨਾਮਜ਼ਦ ਕੀਤਾ ਹੈ। ਇਸ ਸਵਾਲ 'ਤੇ ਟਰੰਪ ਨੇ ਕਿਹਾ, 'ਨੋਬਲ ਲਈ ਨਾਮਜ਼ਦ ਹੋਣਾ ਸਨਮਾਨ ਦੀ ਗੱਲ ਹੈ। ਹੁਣ ਦੇਖਦੇ ਹਾਂ ਕਿ ਕੀ ਹੁੰਦਾ ਹੈ।' ਇਸੇ ਸੰਦਰਭ 'ਚ ਪੱਤਰਕਾਰ ਨੇ ਫਿਰ ਪੁੱਛਿਆ ਕਿ ਕੀ ਤੁਹਾਡੀ ਵਿਦੇਸ਼ ਨੀਤੀ ਚੀਨ ਨੂੰ ਰੋਕ ਪਾਏਗੀ। ਇਸ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਟਰੰਪ ਭਾਰਤ-ਚੀਨ ਵਿਵਾਦ ਵਿਚ ਮਦਦ ਦੀ ਗੱਲ ਕਰਨ ਲੱਗੇ। ਉਨ੍ਹਾਂ ਕਿਹਾ, 'ਮੈਂ ਜਾਣਦਾ ਹਾਂ ਕਿ ਚੀਨ ਅਤੇ ਭਾਰਤ ਨੂੰ ਹੁਣ ਮੁਸ਼ਕਲ ਹੋ ਰਹੀ ਹੈ। ਹਾਲਾਂਕਿ, ਉਮੀਦ ਹੈ ਕਿ ਉਹ ਕੋਈ ਰਸਤਾ ਕੱਢ ਲੈਣਗੇ। ਜੇਕਰ ਅਸੀਂ ਕੋਈ ਮਦਦ ਕਰ ਸਕਦੇ ਹਾਂ ਤਾਂ ਅਸੀਂ ਮਦਦ ਕਰਨਾ ਪਸੰਦ ਕਰਾਂਗੇ।'

ਲੱਦਾਖ 'ਚ ਅਸਲ ਕੰਟਰੋਲ ਲਾਈਨ (ਐੱਲਏਸੀ) 'ਤੇ ਮਹੀਨਿਆਂ ਤੋਂ ਚੱਲ ਰਹੇ ਰੇੜਕੇ ਨੂੰ ਦੂਰ ਕਰਨ ਲਈ ਭਾਰਤ ਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਟਰੰਪ ਦੀ ਇਕ ਟਿੱਪਣੀ ਆਈ ਹੈ। ਫਿਲਹਾਲ ਦੋਵੇਂ ਦੇਸ਼ ਸਰਹੱਦ 'ਤੇ ਫ਼ੌਜੀਆਂ ਦੀ ਗਿਣਤੀ ਨਾ ਵਧਾਉਣ 'ਤੇ ਸਹਿਮਤ ਹੋ ਗਏ ਹਨ। ਅਗਲੇ ਦੌਰ ਦੀ ਗੱਲਬਾਤ ਵੀ ਛੇਤੀ ਹੀ ਹੋਣ ਵਾਲੀ ਹੈ। ਅਮਰੀਕੀ ਰਾਸ਼ਟਰਪਤੀ ਨੇ ਮਈ ਵਿਚ ਵੀ ਭਾਰਤ-ਚੀਨ ਵਿਵਾਦ 'ਚ ਵਿਚੋਲਗੀ ਦਾ ਮਤਾ ਦਿੱਤਾ ਸੀ। ਟਰੰਪ ਕਸ਼ਮੀਰ ਮਾਮਲੇ 'ਚ ਵੀ ਕਈ ਵਾਰ ਵਿਚੋਲਗੀ ਦਾ ਮਤਾ ਪੇਸ਼ ਕਰ ਚੁੱਕੇ ਹਨ। ਭਾਰਤ ਅਜਿਹੇ ਮਤਿਆਂ ਨੂੰ ਠੁਕਰਾ ਚੁੱਕਾ ਹੈ।

ਵਿਦੇਸ਼ੀ ਜੰਗਾਂ ਤੋਂ ਦੂਰ ਰਹੇਗਾ ਅਮਰੀਕਾ

ਟਰੰਪ ਨੇ ਫਲੋਰੀਡਾ ਦੀ ਚੋਣ ਰੈਲੀ ਵਿਚ ਕਿਹਾ ਕਿ ਅਮਰੀਕਾ ਅੰਤਹੀਣ ਵਿਦੇਸ਼ੀ ਜੰਗਾਂ ਤੋਂ ਦੂਰ ਰਹੇਗਾ। ਸਾਡੀਆਂ ਫ਼ੌਜੀ ਟੁਕੜੀਆਂ ਘਰ ਪਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਲਈ ਖ਼ਤਰਾ ਬਣ ਚੁੱਕੇ ਅੱਤਵਾਦੀਆਂ 'ਤੇ ਅਸੀਂ ਹਮਲੇ ਕਰਦੇ ਰਹਾਂਗੇ।