ਸਟੇਟ ਬਿਊਰੋ, ਜੰਮੂ : ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਪਿੱਛੋਂ ਵਾਦੀ ਵਿਚ ਹੋ ਰਹੇ ਬਦਲਾਅ ਨੂੰ ਦੇਖਦੇ ਹੋਏ ਇਕ ਹੋਰ ਅੱਤਵਾਦੀ ਨੇ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ 'ਚ ਵਾਪਸੀ ਕੀਤੀ। ਪੁਲਵਾਮਾ 'ਚ ਵੀਰਵਾਰ ਨੂੰ ਹਿਜ਼ਬੁਲ ਮੁਜਾਹਦੀਨ ਦੇ ਇਕ ਅੱਤਵਾਦੀ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

ਅੱੱਤਵਾਦੀ ਦੀ ਪਛਾਣ ਆਦਿਲ ਅਹਿਮਦ ਮੀਰ ਵਜੋਂ ਹੋਈ ਹੈ। ਉਹ 19 ਜੁਲਾਈ, 2019 ਨੂੰ ਅੱਤਵਾਦੀ ਜਮਾਤ ਹਿਜ਼ਬੁਲ ਮੁਜਾਹਦੀਨ ਵਿਚ ਸ਼ਾਮਲ ਹੋਇਆ ਸੀ। ਕਸ਼ਮੀਰ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਅੱਤਵਾਦੀ ਜਮਾਤਾਂ ਵਿਚ ਸ਼ਾਮਲ ਕਰਨ ਦੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਫ਼ੌਜ ਨੇ ਇਕ ਸਾਲ ਪਹਿਲੇ 'ਆਪ੍ਰਰੇਸ਼ਨ ਮਾਂ' ਸ਼ੁਰੂ ਕੀਤਾ ਸੀ। ਪੁਲਵਾਮਾ ਹਮਲੇ ਪਿੱਛੋਂ ਚਿਨਾਰ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਗੁਮਰਾਹ ਹੋ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਅੱਤਵਾਦ ਦੀ ਰਾਹ ਛੱਡ ਕੇ ਮੁੱਖ ਧਾਰਾ ਵਿਚ ਪਰਤਣ ਲਈ ਅਪੀਲ ਕਰਨ। ਉਨ੍ਹਾਂ ਦੇ ਇਸ ਯਤਨ ਦਾ ਕਸ਼ਮੀਰ ਵਿਚ ਵੱਡੇ ਪੈਮਾਨੇ 'ਤੇ ਅਸਰ ਦੇਖਣ ਨੂੰ ਮਿਲਿਆ। ਇਕ ਸਾਲ ਅੰਦਰ 60 ਤੋਂ ਜ਼ਿਆਦਾ ਨੌਜਵਾਨ ਅੱਤਵਾਦ ਦਾ ਰਾਹ ਛੱਡ ਕੇ ਆਪਣੀ ਮਾਂ ਦੀ ਅਪੀਲ 'ਤੇ ਘਰ ਪਰਤ ਆਏ ਹਨ। ਪੁਲਿਸ ਨੇ ਆਦਿਲ ਨੂੰ ਵੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਉਸ ਦੇ ਪਰਿਵਾਰ ਦੀ ਮਦਦ ਲਈ। ਪੁਲਿਸ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ।

'ਆਪ੍ਰੇਸ਼ਨ ਮਾਂ' ਦੇ ਮਿਲ ਰਹੇ ਸਕਾਰਾਤਮਕ ਨਤੀਜੇ

'ਆਪ੍ਰੇਸ਼ਨ ਮਾਂ' ਤਹਿਤ ਘਰਾਂ ਤੋਂ ਗ਼ਾਇਬ ਹੋ ਚੁੱਕੇ ਨੌਜਵਾਨਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਵਾਪਸ ਘਰ ਬੁਲਾਇਆ ਜਾਂਦਾ ਹੈ। ਕਈ ਵਾਰ ਤਾਂ ਮੁਕਾਬਲੇ ਦੌਰਾਨ ਜਦੋਂ ਫ਼ੌਜ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਘਿਰੇ ਹੋਏ ਅੱਤਵਾਦੀ ਸਥਾਨਕ ਹਨ ਤਾਂ ਫ਼ੌਜ ਦੇ ਅਧਿਕਾਰੀ ਉਨ੍ਹਾਂ ਦੀ ਮਾਂ ਜਾਂ ਹੋਰ ਪਰਿਵਾਰਕ ਮੈਂਬਰ ਨੂੰ ਮੁਕਾਬਲੇ ਵਾਲੀ ਥਾਂ 'ਤੇ ਲਿਆ ਕੇ ਉਨ੍ਹਾਂ ਤੋਂ ਆਪਣੇ ਬੱਚਿਆਂ ਨੂੰ ਆਤਮ ਸਮਰਪਣ ਕਰਨ ਲਈ ਕਹਿੰਦੇ ਹਨ। ਫ਼ੌਜ ਦੇ ਅਧਿਕਾਰੀ ਮੰਨਦੇ ਹਨ ਕਿ 'ਆਪ੍ਰਰੇਸ਼ਨ ਮਾਂ' ਦੇ ਕਾਫ਼ੀ ਸਕਾਰਾਤਮਕ ਨਤੀਜੇ ਮਿਲ ਰਹੇ ਹਨ।