ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ ਦੇ ਪੁਲਵਾਮਾ 'ਚ ਰਤਨੀਪੋਰਾ ਵਿਖੇ ਹੋਏ ਇਕ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਜਦਕਿ ਮੁਕਾਬਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਅਧਿਕਾਰੀ ਤੇ ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮਾਰਿਆ ਗਿਆ ਅੱਤਵਾਦੀ ਹਿਲਾਲ ਅਹਿਮਦ ਰਾਥਰ ਸ਼੍ਰੀ ਮਹਾਰਾਜਾ ਹਰੀ ਸਿੰਘ (ਐੱਸਐੱਮਐੱਚਐੱਸ) ਹਸਪਤਾਲ ਸ੍ਰੀਨਗਰ ਵਿਚੋਂ ਅੱਤਵਾਦੀ ਨਵੀਦ ਜੱਟ ਨੂੰ ਭਜਾ ਕੇ ਲੈ ਗਿਆ ਸੀ ਤੇ ਇਸ ਦੌਰਾਨ ਉਸ ਨੇ ਦੋ ਪੁਲਿਸ ਜਵਾਨ ਸ਼ਹੀਦ ਕਰ ਦਿੱਤੇ ਸਨ। ਨਵੀਦ ਜੱਟ ਨੂੰ ਫ਼ੌਜ ਨੇ ਨਵੰਬਰ ਵਿਚ ਢੇਰ ਕਰ ਦਿੱਤਾ ਸੀ।

ਅੱਤਵਾਦੀਆਂ ਦੇ ਸਮੱਰਥਕਾਂ ਵੱਲੋਂ ਕੀਤੇ ਜਾ ਰਹੀ ਪੱਥਰਬਾਜ਼ੀ ਦੀ ਆੜ ਵਿਚ ਤਿੰਨ ਅੱਤਵਾਦੀ ਮੌਕੇ ਤੋਂ ਭੱਜ ਨਿਕਲੇ। ਇਸ ਦੌਰਾਨ ਅੱਤਵਾਦੀ ਸਮੱਰਥਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਝੜਪ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ। ਹਾਲਾਤ ਨੂੰ ਵੇਖਦੇ ਹੋਏ ਪ੍ਸ਼ਾਸਨ ਨੇ ਪੁਲਵਾਮਾ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾਉਣ ਦੇ ਨਾਲ ਹੀ ਬਨਿਹਾਲ-ਬਾਰਾਮੂੁਲਾ ਰੇਲ ਸੇਵਾ ਨੂੰ ਵੀ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਹੈ।

ਪੁਲਵਾਮਾ ਮੁਕਾਬਲੇ 'ਚ ਸ਼ਹੀਦ ਜਵਾਨ ਦੀ ਪਛਾਣ 50 ਆਰਆਰ ਦੇ ਹਵਾਲਦਾਰ ਬਲਜੀਤ ਸਿੰਘ ਵਾਸੀ ਪਿੰਡ ਡੀਂਗਰ ਮਾਜਰਾ, ਕਰਨਾਲ (ਹਰਿਆਣਾ) ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 10 ਪੈਰਾ ਦੇ ਕਮਾਂਡਰ ਨਾਇਕ ਸਨਦੀਦ ਅਤੇ 50 ਆਰਆਰ ਦੇ ਹਵਾਲਦਾਰ ਚੰਦਰਪਾਲ ਸ਼ਾਮਲ ਹਨ। ਇਨ੍ਹਾਂ ਦੋਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਸੋਮਵਾਰ ਅੱਧੀ ਰਾਤ ਪਿੱਛੋਂ ਸੁਰੱਖਿਆ ਬਲਾਂ ਦੇ ਇਕ ਗਰੁੱਪ ਨੇ ਰਤਨੀਪੋਰਾ ਇਲਾਕੇ ਵਿਚ ਚਾਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਚਲਾਈ। ਸੂਚਨਾ ਮਿਲੀ ਸੀ ਕਿ ਲਸ਼ਕਰ, ਅਲ-ਬਦਰ, ਜੈਸ਼ ਅਤੇ ਹਿਜ਼ਬ ਦੇ ਚਾਰ ਅੱਤਵਾਦੀ ਇਕ ਮੀਟਿੰਗ ਕਰਨ ਲਈ ਰਤਨੀਪੋਰਾ ਵਿਚ ਆਏ ਹੋਏ ਹਨ। ਜਵਾਨਾਂ ਨੇ ਜਿਵੇਂ ਹੀ ਘੇਰਾਬੰਦੀ ਕਰਦੇ ਹੋਏ ਅੱਤਵਾਦੀ ਟਿਕਾਣਾ ਬਣੇ ਮਕਾਨ ਵੱਲ ਵਧਣਾ ਸ਼ੁਰੂ ਕੀਤਾ, ਅੰਦਰ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਵੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਅੱਤਵਾਦੀ ਟਿਕਾਣਾ ਬਣਿਆ ਮਕਾਨ ਵੀ ਤਬਾਹ ਹੋ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਗੰਡੀਬਾਗ, ਬੇਗਮਪੁਰਾ ਪੁਲਵਾਮਾ ਦੇ ਰਹਿਣ ਵਾਲੇ ਹਿਲਾਲ ਅਹਿਮਦ ਰਾਥਰ ਉਰਫ਼ ਅੱਬੂ ਜਰਾਰ ਵਜੋਂ ਹੋਈ ਹੈ। ਉਹ ਛੇ ਜਨਵਰੀ, 2018 ਨੂੰ ਹਿਜ਼ਬੁਲ ਮੁਜਾਹਦੀਨ ਵਿਚ ਸ਼ਾਮਲ ਹੋਇਆ ਸੀ।

ਪਥਰਾਅ ਦੀ ਆੜ 'ਚ ਭੱਜੇ ਅੱਤਵਾਦੀ

ਮੁਕਾਬਲੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਅੱਤਵਾਦੀ ਸਮੱਰਥਕਾਂ ਨੇ ਭੜਕਾਊ ਨਾਅਰੇਬਾਜ਼ੀ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਉਹ ਅੱਤਵਾਦੀਆਂ ਨੂੰ ਬੱਚ ਨਿਕਲਣ ਦਾ ਮੌਕਾ ਦੇਣਾ ਚਾਹੁੰਦੇ ਸਨ। ਇਸ ਦੌਰਾਨ ਤਿੰਨ ਅੱਤਵਾਦੀ ਮੌਕੇ ਤੋਂ ਭੱਜ ਨਿਕਲੇ। ਅੱਤਵਾਦੀ ਸਮੱਰਥਕਾਂ ਨੂੰ ਖਦੇੜਨ ਲਈ ਪੁਲਿਸ ਨੂੰ ਲਾਠੀਚਾਰਜ, ਅੱਥਰੂ ਗੈਸ ਅਤੇ ਪੈਲੇਟ ਗੰਨ ਦੀ ਵਰਤੋਂ ਕਰਨੀ ਪਈ।