ਗ੍ਰੇਟਰ ਨੋਇਡਾ (ਪ੍ਰਵੀਨ ਵਿਕਰਮ ਸਿੰਘ) : ਹਾਥਰਸ ਸਮੂਹਿਕ ਜਬਰ-ਜਨਾਹ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਗ੍ਰੇਟਰ ਨੋਇਡਾ ਦੇ ਯਮੁਨਾ ਐਕਸਪ੍ਰੈੱਸ-ਵੇ 'ਤੇ ਜੰਮ ਕੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦੋਸ਼ ਹੈ ਕਿ ਪੁਲਿਸ ਨੇ ਰਾਹੁਲ ਗਾਂਧੀ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਉਹ ਸੜਕ 'ਤੇ ਡਿੱਗ ਗਏ। ਸੜਕ 'ਤੇ ਝਾੜੀਆਂ ਵਿਚ ਡਿੱਗਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚ ਇਕ ਪੁਲਿਸ ਮੁਲਾਜ਼ਮ ਦਿਖ ਰਿਹਾ ਹੈ ਤੇ ਰਾਹੁਲ ਦੇ ਨਾਲ ਕੁਝ ਉਨ੍ਹਾਂ ਦੇ ਸਹਾਇਕ ਵੀ ਹਨ। ਕਾਂਗਰਸ ਨੇਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਨੇ ਧੱਕਾ ਦੇ ਦਿੱਤਾ। ਜਿਸਦੀ ਵਜ੍ਹਾ ਕਰਕੇ ਉਹ ਡਿੱਗ ਗਏ। ਮਿਲੀ ਜਾਣਕਾਰੀ ਅਨੁਸਾਰ, ਰਾਹੁਲ ਗਾਂਧੀ ਨੂੰ ਸੱਟ ਨਹੀਂ ਲੱਗੀ ਹੈ। ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਚੁੱਕਿਆ।


ਰਾਹੁਲ ਗਾਂਧੀ ਦੇ ਸੜਕ 'ਤੇ ਡਿੱਗਣ ਦੀ ਸੂਚਨਾ ਮਿਲਦੇ ਹੀ ਕਾਂਗਰਸ ਵਰਕਰ ਬੇਕਾਬੂ ਹੋ ਗਏ। ਸੜਕ 'ਤੇ ਡਿੱਗਣ ਤੋਂ ਬਾਅਦ ਰਾਹੁਲ ਗਾਂਧੀ ਦੁਬਾਰਾ ਉੱਠੇ ਤੇ ਪੈਦਲ ਹੀ ਹਾਥਰਸ ਲਈ ਚੱਲਣ ਲੱਗੇ, ਪਰ ਪੁਲਿਸ ਨੇ ਉਨ੍ਹਾਂ ਨੂੰ ਐਕਸਪ੍ਰੈੱਸ-ਵੇ 'ਤੇ ਜ਼ਮੀਨ ਦੇ ਇਕ ਕਿਨਾਰੇ ਬਿਠਾ ਦਿੱਤਾ।

ਉੱਥੇ, ਰਾਹੁਲ ਗਾਂਧੀ ਨੇ ਟਵੀਟ ਕਰ ਕੇ ਯੂਪੀ ਦੀ ਯੋਗੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ ਦੁਖ ਦੀ ਘੜੀ ਵਿਚ ਆਪਣਿਆਂ ਨੂੰ ਇਕੱਲਾ ਨਹੀਂ ਛੱਡਿਆ ਜਾਂਦਾ। ਯੂਪੀ ਵਿਚ ਜੰਗਲਰਾਜ ਦਾ ਇਹ ਆਲਮ ਹੈ ਕਿ ਸ਼ੋਕ ਵਿਚ ਡੁੱਬੇ ਇਕ ਪਰਿਵਾਰ ਨੂੰ ਮਿਲਣਾ ਵੀ ਸਰਕਾਰ ਨੂੰ ਡਰਾ ਦਿੰਦਾ ਹੈ।

Posted By: Susheel Khanna