ਨਵੀਂ ਦਿੱਲੀ, ਜੇਐੱਨਐੱਨ। ਸਤੰਬਰ ਦਾ ਮਹੀਨਾ ਅੱਧਾ ਬੀਤ ਚੁੱਕਾ ਹੈ, ਪਰ ਲੋਕਾਂ ਨੂੰ ਹੁਣ ਤਕ ਭਿਆਨਕ ਹੁੰਮਸ ਤੋਂ ਰਾਹਤ ਨਹੀਂ ਮਿਲ ਰਹੀ। ਖ਼ਾਸ ਤੌਰ 'ਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਲੋਕਾਂ ਨੂੰ ਜੁਲਾਈ ਵਰਗੀ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਹੁਣ ਮੌਸਮ ਵਿਭਾਗ ਨੇ ਅਹਿਮ ਪੇਸ਼ੀਨਗੋਈ ਕੀਤੀ ਹੈ।

ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ 'ਚ ਜਿਸ ਤਰ੍ਹਾਂ ਹੁੰਮਸ ਦਾ ਦੌਰ ਜਾਰੀ ਹੈ, ਉਸ ਤੋਂ ਸਾਫ਼ ਹੈ ਕਿ ਮੌਨਸੂਨ ਹਾਲੇ ਖ਼ਤਮ ਹੋਣ ਵਾਲਾ ਨਹੀਂ ਹੈ। ਨਾਲ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਹਫ਼ਤੇ ਉੱਤਰੀ ਭਾਰਤ 'ਚ ਲੋਕਾਂ ਨੂੰ ਹੋਰ ਜ਼ਿਆਦਾ ਹੁੰਮਸ ਝੱਲਣੀ ਪੈ ਸਕਦੀ ਹੈ। ਨਿਊਜ਼ੀ ਏਜੰਸੀ ਪੀਟੀਆਈ ਅਨੁਸਾਰ ਮੌਸਮ ਵਿਭਾਗ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਫਿਲਹਾਲ ਉੱਤਰੀ ਭਾਰਤ ਦੇ ਲੋਕਾਂ ਨੂੰ ਹੁੰਮਸ ਤੋਂ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ।

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਤਾਜ਼ਾ ਅੰਕੜੇ ਤੋਂ ਪਤਾ ਲਗਦਾ ਹੈ ਕਿ ਦੇਸ਼ 'ਚ ਹੁਣ ਤਕ ਸਧਾਰਨ ਤੋਂ ਚਾਰ ਫ਼ੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਸਧਾਰਨ ਤੌਰ 'ਤੇ ਇਕ ਸਤੰਬਰ ਤਕ ਪੱਛਮੀ ਰਾਜਸਥਾਨ ਨੂੰ ਮੌਨਸੂਨ ਅਲਵਿਦਾ ਕਹਿ ਦਿੰਦਾ ਹੈ। 15 ਸਤੰਬਰ ਤਕ ਮੌਨਸੂਨ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆ, ਕੱਛ ਗੁਜਰਾਜ ਤੇ ਪੰਜਾਬ ਦੇ ਵੀ ਜ਼ਿਆਦਾਤਰ ਹਿੱਸਿਆ ਨੂੰ ਅਲਵਿਦਾ ਕਹਿ ਦਿੰਦਾ ਹੈ। ਇਸ ਵਾਰ ਪੱਛਮੀ ਰਾਜਸਥਾਨ 'ਚ ਵੀ ਹੁਣ ਤਕ ਮੌਨਸੂਨ ਟਿਕਿਆ ਹੋਇਆ ਹੈ।

Posted By: Akash Deep