ਮੁੰਬਈ (ਏਜੰਸੀ) : ਬਾਂਬੇ ਹਾਈ ਕੋਰਟ ਨੇ 35 ਸਾਲ ਦੇ ਇਕ ਵਿਅਕਤੀ ਨੂੰ ਪਤਨੀ 'ਤੇ ਹਮਲੇ ਦਾ ਦੋਸ਼ੀ ਠਹਿਰਾਏ ਜਾਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕਾਇਮ ਰੱਖਦਿਆਂ ਕਿਹਾ ਕਿ ਪਤਨੀ ਦੇ ਚਾਹ ਬਣਾਉਣ ਤੋਂ ਇਨਕਾਰ ਕਰਨਾ ਉਸ 'ਤੇ ਹਮਲੇ ਦਾ ਉਕਸਾਵਾ ਨਹੀਂ ਮੰਨਿਆ ਜਾ ਸਕਦਾ। ਨਾਲ ਹੀ ਇਹ ਵੀ ਟਿੱਪਣੀ ਕੀਤੀ ਹੈ ਕਿ ਪਤਨੀ ਕੋਈ 'ਗ਼ੁਲਾਮ ਜਾਂ ਵਸਤੂ ਨਹੀਂ' ਹੈ।

ਇਸ ਮਹੀਨੇ ਦਿੱਤੇ ਗਏ ਇਕ ਫ਼ੈਸਲੇ 'ਚ ਜਸਟਿਸ ਰੇਵਤੀ ਮੋਹਿਤੇ ਦੇਰੇ ਨੇ ਕਿਹਾ ਕਿ ਵਿਆਹ ਸਮਾਨਤਾ 'ਤੇ ਅਧਾਰਤ ਸਾਂਝੇਦਾਰੀ ਹੈ, ਪਰ ਸਮਾਜ 'ਚ ਪਿਤਰ ਸੱਤਾ ਅੱਜੇ ਵੀ ਕਾਇਮ ਹੈ। ਇਹ ਸਮਿਝਆ ਜਾਂਦਾ ਹੈ ਕਿ ਮਹਿਲਾ ਪੁਰਸ਼ ਦੀ ਜਾਇਦਾਦ ਹੈ, ਜਿਸ ਕਾਰਨ ਪੁਰਸ਼ ਇਹ ਸੋਚਣ ਲੱਗਦਾ ਹੈ ਕਿ ਮਹਿਲਾ ਉਸ ਦੀ 'ਗ਼ੁਲਾਮ' ਹੈ। ਕੋਰਟ ਨੇ ਪੇਸ਼ ਮਾਮਲੇ 'ਚ ਜੋੜੇ ਦੀ ਛੇ ਸਾਲਾ ਧੀ ਦਾ ਬਿਆਨ ਵੀ ਭਰੋਸੇਮੰਦ ਮੰਨਦਿਆਂ 2016 'ਚ ਇਕ ਸਥਾਨਕ ਅਦਾਲਤ ਵੱਲੋਂ ਸੰਤੋਸ਼ ਅਤਕਰ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ ਕਾਇਮ ਰੱਖੀ। ਅਤਕਰ ਨੂੰ ਗ਼ੈਰ ਇਰਾਦਤਨ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ।

ਕੀ ਹੈ ਮਾਮਲਾ

ਕੋਰਟ ਦੇ ਹੁਕਮ ਮੁਤਾਬਕ, ਅਤਕਰ ਤੇ ਉਸ ਦੀ ਪਤਨੀ ਵਿਚਕਾਰ ਕੁਝ ਤੋਂ ਵਿਵਾਦ ਚੱਲ ਰਿਹਾ ਸੀ। ਦਸੰਬਰ 2013 'ਚ ਘਟਨਾ ਦੇ ਦਿਨ ਅਤਕਰ ਦੀ ਪਤਨੀ ਉਸ ਲਈ ਚਾਹ ਬਣਾਏ ਬਗ਼ੈਰ ਬਾਹਰ ਜਾਣ ਦੀ ਜ਼ਿਦ ਕਰ ਰਹੀ ਸੀ। ਉਸ ਤੋਂ ਬਾਅਦ ਅਤਕਰ ਨੇ ਪਤਨੀ ਦੇ ਸਿਰ 'ਚ ਹਥੌੜਾ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਕੇਸ ਦੇ ਵੇਰਵੇ ਤੇ ਜੋੜੇ ਦੀ ਛੇ ਸਾਲਾ ਧੀ ਦੇ ਬਿਆਨ ਮੁਤਾਬਕ, ਬਾਅਦ 'ਚ ਅਤਕਰ ਨੇ ਘਟਨਾ ਵਾਲੀ ਥਾਂ ਦੀ ਸਫ਼ਾਈ ਕਰ ਦਿੱਤੀ ਤੇ ਪਤਨੀ ਨੂੰ ਨੁਹਾ ਕੇ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਬਚਾਅ ਪੱਖ ਦੀ ਦਲੀਲ

ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਤਕਰ ਦੀ ਪਤਨੀ ਨੇ ਉਸ ਲਈ ਚਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਗੁੱਸੇ 'ਚ ਆ ਕੇ ਉਸ ਨੇ ਇਹ ਅਪਰਾਧ ਕੀਤਾ। ਪਰ ਕੋਰਟ ਨੇ ਇਸ ਨੂੰ ਨਕਾਰਦਿਆਂ ਕਿਹਾ ਕਿ ਅਜਿਹਾ ਨਹੀਂ ਮੰਨਿਆ ਜਾ ਸਕਦਾ ਕਿ ਮਹਿਲਾ ਨੇ ਚਾਹ ਬਣਾਉਣ ਤੋਂ ਇਨਕਾਰ ਕੇ ਆਪਣੇ ਪਤੀ ਨੂੰ ਉਕਸਾਇਆ, ਜਿਸ ਕਾਰਨ ਉਸ ਨੇ ਆਪਣੀ ਪਤਨੀ 'ਤੇ ਜਾਨਲੇਵਾ ਹਮਲਾ ਕੀਤਾ।

Posted By: Jagjit Singh