ਨਵੀਂ ਦਿੱਲੀ (ਪੀਟੀਆਈ) : ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਦਿੱਲੀ ਪੁਲਿਸ ਨੂੰ ਆਦੇਸ਼ ਦਿੱਤਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਤੇ ਹਥਿਆਰਾਂ ਦੇ ਵਿਵਾਦਗ੍ਸਤ ਡੀਲਰ ਅਭਿਸ਼ੇਕ ਵਰਮਾ ਲਈ ਤਿੰਨ ਸੁਰੱਖਿਆ ਅਧਿਕਾਰੀਆਂ ਦੀ ਨਿਯੁਕਤੀ ਕਰੇ ਜੋ ਉਸ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨ।

ਜੱਜ ਯੋਗੇਸ਼ ਖੰਨਾ ਨੇ ਕਿਹਾ ਕਿ 27 ਸਤੰਬਰ, 2017 ਨੂੰ ਹਾਈ ਕੋਰਟ ਨੇ ਡੀਸੀਪੀ (ਦਿੱਲੀ) ਨੂੰ ਆਦੇਸ਼ ਦਿੱਤੇ ਸਨ ਕਿ ਉਹ ਅਭਿਸ਼ੇਕ ਵਰਮਾ ਦੀ ਸੁਰੱਖਿਆ ਲਈ ਪੁਲਿਸ ਦੇ ਤਿੰਨ ਜਵਾਨਾਂ ਦੀ ਨਿਯੁਕਤੀ ਕਰੇ ਜੋਕਿ ਅਗਲੇ ਆਦੇਸ਼ ਤਕ ਸੁਰੱਖਿਆ ਜਾਰੀ ਰੱਖਣ। ਹਾਈ ਕੋਰਟ ਨੇ ਸੀਬੀਆਈ ਅਤੇ ਦਿੱਲੀ ਪੁਲਿਸ ਨੂੰ ਵਰਮਾ ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਕਿਹਾ। ਅਭਿਸ਼ੇਕ ਵਰਮਾ ਨੇ ਟ੍ਰਾਇਲ ਕੋਰਟ 'ਚ ਦਿੱਲੀ ਦੰਗਾ ਮਾਮਲੇ 'ਚ ਆਪਣੀ ਗਵਾਹੀ ਪੂਰੀ ਕਰ ਲਈ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸੀਬੀਆਈ ਤੇ ਦਿੱਲੀ ਪੁਲਿਸ ਨੂੰ 26 ਨਵੰਬਰ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਜਿਨ੍ਹਾਂ ਨੂੰ ਸੀਬੀਆਈ ਨੇ ਤਿੰਨ ਵਾਰੀ ਕਲੀਨ ਚਿੱਟ ਦਿੱਤੀ ਹੈ, ਨੇ ਪੋਲੀਗ੍ਰਾਫ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਅਭਿਸ਼ੇਕ ਵਰਮਾ ਨੇ ਇਹ ਟੈਸਟ ਕਰਵਾਉਣ ਲਈ ਇਹ ਸ਼ਰਤ ਰੱਖੀ ਸੀ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਜਾਵੇ। ਵਰਮਾ ਦੇ ਵਕੀਲ ਐਡਵੋਕੇਟ ਮਨਿੰਦਰ ਸਿੰਘ ਅਤੇ ਦਿਨਹਾਰ ਟਕਿਆਰ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਪੁਲਿਸ ਨੇ ਬਿਨਾਂ ਕਿਸੇ ਨੋਟਿਸ ਦੇ 8 ਅਗਸਤ ਨੂੰ ਉਨ੍ਹਾਂ ਦੀ ਸੁਰੱਖਿਆ ਹਟਾ ਲਈ ਹੈ। ਦਿੱਲੀ ਪੁਲਿਸ ਦੇ ਵਕੀਲ ਸੰਜੇ ਲਾਓ ਨੇ ਕਿਹਾ ਕਿ ਸੀਬੀਆਈ ਨੇ ਕਿਹਾ ਹੈ ਕਿ ਅਭਿਸ਼ੇਕ ਦਾ ਹੋਰ ਕੋਈ ਟੈਸਟ ਨਹੀਂ ਹੋਣਾ। ਇਸ ਲਈ ਉਸ ਦੀ ਸੁਰੱਖਿਆ ਹਟਾ ਲਈ ਗਈ। ਸੀਬੀਆਈ ਦੇ ਵਕੀਲ ਅਨਿਲ ਗਰੋਵਰ ਨੇ ਕਿਹਾ ਕਿ ਉਹ ਇਸ ਦਾ ਜਵਾਬ ਜਲਦੀ ਦਾਖ਼ਲ ਕਰਨਗੇ। ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ ਗਵਾਹ ਨੂੰ ਪਿਛਲੇ 35 ਸਾਲਾਂ ਤੋਂ ਸੁਰੱਖਿਆ ਦਿੱਤੀ ਗਈ ਹੈ ਜਿਸ ਨੂੰ ਜਾਰੀ ਰੱਖਣਾ ਦਿੱਲੀ ਪੁਲਿਸ ਲਈ ਮੁਸ਼ਕਲ ਹੈ।