ਸਟੇਟ ਬਿਊਰੋ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਬੁੱਧਵਾਰ ਨੂੰ ਮੁਕਾਬਲੇ 'ਚ ਹਿਜ਼ਬੁਲ ਮੁਜਾਹਦੀਨ ਦਾ ਅੱਤਵਾਦੀ ਆਜ਼ਾਦ ਲਲਹਾਰੀ ਮਾਰਿਆ ਗਿਆ। ਇਸ ਦੌਰਾਨ ਇਕ ਜਵਾਨ ਜਿਲਾਜੀਤ ਸਿੰਘ ਯਾਦਵ ਸ਼ਹੀਦ ਹੋ ਗਏ, ਜੋ ਜੌਨਪੁਰ (ਉੱਤਰ ਪ੍ਰਦੇਸ਼) ਜ਼ਿਲ੍ਹੇ ਦੇ ਪਿੰਡ ਲਜਾਰੀ ਦੇ ਰਹਿਣ ਵਾਲੇ ਸਨ। ਓਧਰ, ਬਾਂਡੀਪੋਰਾ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਇਕ ਅੱਤਵਾਦੀ ਨੂੰ ਹਥਿਆਰਾਂ ਨਾਲ ਗਿ੍ਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀਨਗਰ-ਬਾਰਾਮੁਲਾ ਹਾਈਵੇ 'ਤੇ ਸੋਪੋਰ 'ਚ ਅੱਤਵਾਦੀ ਹਮਲੇ 'ਚ ਇਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ, ਹਾਲਾਂਕਿ ਅੱਤਵਾਦੀ ਭੱਜਣ 'ਚ ਸਫਲ ਰਹੇ।

ਪੁਲਿਸ ਤੇ ਫ਼ੌਜ ਦੇ 53 ਆਰਆਰ ਦੇ ਜਵਾਨਾਂ ਨੇ ਬੁੱਧਵਾਰ ਨੂੰ ਕਰੀਬ 2.30 ਵਜੇ ਪੁਲਵਾਮਾ ਦੇ ਕਾਮਰਾਜੀਪੋਰਾ ਪਿੰਡ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਵਾਨ ਜਦੋਂ ਪਿੰਡ 'ਚ ਦਾਖ਼ਲ ਹੋਣ ਲੱਗੇ ਤਾਂ ਇਕ ਜਗ੍ਹਾ ਲੁਕੇ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ। ਇਸ 'ਚ ਦੋ ਜਵਾਨ ਜ਼ਖਮੀ ਹੋ ਗਏ। ਹੋਰ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਕਰੀਬ 40 ਮਿੰਟ ਤਕ ਮੁਕਾਬਲਾ ਚਲਿਆ। ਇਸ ਤੋਂ ਬਾਅਦ ਅੱਤਵਾਦੀ ਉਥੋਂ ਫਰਾਰ ਹੋ ਗਏ। ਇਸ ਵਿਚਾਲੇ ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ 92 ਬੇਸ ਹਸਪਤਾਲ ਲਿਆਂਦਾ ਗਿਆ, ਜਿਥੇ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਨਿਕਲਣ ਤੋਂ ਬਾਅਦ ਜਵਾਨਾਂ ਨੇ ਮੁਕਾਬਲੇ ਵੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਨੂੰ ਨਾਲੇ ਕੋਲ ਇਕ ਅੱਤਵਾਦੀ ਦੀ ਗੋਲੀਆਂ ਦੀ ਛੱਲੀ ਲਾਸ਼ ਮਿਲੀ। ਫਰਾਰ ਅੱਤਵਾਦੀਆਂ ਲਈ ਕਾਮਰਾਜੀਪੋਰਾ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਜਾਰੀ ਸੀ।

ਡੀਜੀਪੀ ਦਿਲਬਾਗ ਸਿੰਘ ਮੁਤਾਬਕ ਮਾਰੇ ਗਏ ਅੱਤਵਾਦੀ ਦੀ ਪਛਾਣ ਹਿਜ਼ਬੁਲ ਦੇ ਆਜ਼ਾਦ ਲਲਹਾਰੀ ਵਜੋ ਹੋਈ ਹੈ। ਪਹਿਲਾਂ ਉਹ ਹਿਜ਼ਬੁਲ ਤੇ ਲਸ਼ਕਰ ਦੇ ਅੱਤਵਾਦੀਆਂ ਲਈ ਬਤੌਰ ਓਵਰਗਰਾਊਂਡ ਵਰਕਰ ਕੰਮ ਕਰਦਾ ਸੀ। ਉਹ ਪੱਥਰਬਾਜ਼ੀ ਤੇ ਹਿੰਸਕ ਪ੍ਰਦਰਸ਼ਨਾਂ ਦੇ ਸਿਲਸਿਲੇ 'ਚ ਵੀ ਪਹਿਲਾਂ ਕਈ ਵਾਰ ਫੜਿਆ ਜਾ ਚੁੱਕਾ ਹੈ। ਉਹ ਪੀਐੱਸਏ ਤਹਿਤ ਵੀ ਜੇਲ੍ਹ ਜਾ ਚੁੱਕਾ ਹੈ। ਉਸ ਖ਼ਿਲਾਫ਼ ਪੁਲਵਾਮਾ 'ਚ ਛੇ ਐੱਫਆਰਆਈਜ਼ ਦਰਜ ਹਨ। ਉਸ ਨੇ ਹੋਰ ਅੱਤਵਾਦੀਆਂ ਨਾਲ 22 ਮਈ ਨੂੰ ਪਿਰਛੁ ਪੁਲਵਾਮਾ 'ਚ ਪੁਲਿਸ ਦੀ ਨਾਕਾ ਪਾਰਟੀ 'ਤੇ ਹਮਲਾ ਕੀਤਾ ਸੀ। ਇਸ 'ਚ ਪੁਲਿਸ ਕਾਂਸਟਬੇਲ ਅਨੂਪ ਸਿੰਘ ਸ਼ਹੀਦ ਹੋ ਗਏ ਸਨ। ਲਲਹਾਰੀ ਦੀ ਲਾਸ਼ ਨੂੰ ਬਾਰਾਮੁੱਲਾ ਜਾਂ ਸੋਨਮਰਗ 'ਚ ਦਫ਼ਨਾਇਆ ਜਾਵੇਗਾ।

ਟਿਕਾਣੇ ਤੋਂ ਹੀ ਦਬੋਚਿਆ ਲਸ਼ਕਰ ਅੱਤਵਾਦੀ

ਬਾਂਡੀਪੋਰਾ ਦੇ ਹਾਜਿਨ 'ਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਤੜਕੇ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਜਹਾਂਗੀਰ ਉਰਫ ਆਕਿਬ ਉਰਫ ਜਾਨਾ ਨੂੰ ਉਸ ਦੇ ਟਿਕਾਣੇ ਤੋਂ ਫੜ ਲਿਆ। ਕਰਾਲਗੁੰਡ ਹੰਦਵਾੜਾ ਦਾ ਰਹਿਣ ਵਾਲਾ ਜਹਾਂਗੀਰ ਬੀਤੀ 27 ਜੂਨ ਨੂੰ ਲਸ਼ਕਰ 'ਚ ਸਰਗਰਮ ਹੋਇਆ ਹੈ। ਉਸ ਕੋਲ ਇਕ ਪਿਸਤੌਲ ਤੇ ਗ੍ਰੈਨੇਡ ਮਿਲਿਆ ਹੈ।

ਸੋਪੋਰ 'ਚ ਫ਼ੌਜੀ ਵਾਹਨ ਰੁਕਦਿਆਂ ਹੀ ਅੱਤਵਾਦੀ ਹਮਲਾ

ਬੁੱਧਵਾਰ ਦੁਪਹਿਰ ਸਵਾ ਦੋ ਵਜੇ ਫ਼ੌਜ ਦਾ ਇਕ ਗਸ਼ਤੀ ਦਲ ਸੋਪੋਰ ਵੱਲ ਜਾ ਰਿਹਾ ਸੀ। ਸ੍ਰੀਨਗਰ-ਬਾਰਾਮੁੱਲਾ ਹਾਈਵੇ 'ਤੇ ਹੈਗਾਮ ਨੇੜੇ ਤਰੁਮਗੁੰਡ 'ਚ ਜਵਾਨ ਜਿਵੇਂ ਹੀ ਵਾਹਨ ਰੋਕ ਕੇ ਉਤਰਨ ਲੱਗੇ ਤਾਂ ਬਾਗ਼ 'ਚ ਲੁਕੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ 'ਚ ਫ਼ੌਜ ਦੀ 15 ਗੜਵਾਲ ਰੈਜੀਮੈਂਟ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਬਾਅਦ ਅੱਤਵਾਦੀ ਜਾਨ ਬਚਾ ਕੇ ਭੱਜ ਗਏ। ਇਸ ਵਿਚਾਲੇ, ਪੁਲਿਸ ਤੇ ਸੀਆਰਪੀਐੱਫ ਦੇ ਜਵਾਨ ਵੀ ਪੁੱਜ ਗਏ।