ਜੇਐੱਨਐੱਨ, ਦਿੱਲੀ : ਰਾਜਧਾਨੀ ਦਿੱਲੀ 'ਚ ਐਤਵਾਰ ਸਵੇਰੇ ਹੋਈ ਬਾਰਿਸ਼ ਨੇ ਕਈ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਇਕ ਪਾਸੇ ਜਿੱਥੇ ਮਿੰਟੋ ਰੋਡ ਪੁਲ 'ਤੇ ਪਾਣੀ ਜਮ੍ਹਾਂ ਹੋਣ ਕਾਰਨ ਪਾਣੀ 'ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਉੱਥੇ ਹੀ ਆਈਟੀਓ ਕੋਲ ਵਿਸ਼ਵ ਸਿਹਤ ਸੰਗਠਨ (ਡਬੀਲਊਐੱਚਓ) ਦੀ ਇਮਾਰਤ ਪਿੱਛੇ ਅੰਨਾ ਨਗਰ 'ਚ ਵਸੀਆਂ ਕਈ ਬਸਤੀਆਂ 'ਚ ਆਫ਼ਤ ਦੀ ਬਾਰਿਸ਼ ਹੋਈ।


ਅੰਨਾ ਨਗਰ 'ਚ ਹੋਈ ਭਾਰੀ ਬਾਰਿਸ਼ ਕਾਰਨ ਜ਼ਮੀਨ ਧਸਣ ਨਾਲ ਅੱਠ ਤੋਂ ਦਸ ਝੁੱਗੀਆਂ ਨਾਲੇ 'ਚ ਰੁੜ੍ਹ ਗਈਆਂ। ਹਾਲਾਂਕਿ ਝੁੱਗੀਆਂ ਤੇ ਘਰਾਂ ਨੂੰ ਪਹਿਲਾਂ ਹੀ ਖ਼ਾਲੀ ਕਰਵਾ ਲਿਆ ਗਿਆ ਸੀ। ਇਸੇ ਵਜ੍ਹਾ ਕਰਕੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਚਾਨਕ ਹੋਈ ਇਸ ਘਟਨਾ 'ਚ ਲੋਕਾਂ ਨੂੰ ਘਰਾਂ ਅੰਦਰ ਪਿਆ ਸਾਮਾਨ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਘਰ ਦਾ ਸਾਰਾ ਸਾਮਾਨ ਵੀ ਰੁੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਪਿੱਛੇ ਪਾਣੀ ਦੇ ਤੇਜ਼ ਵਹਾਅ ਨਾਲ ਜ਼ਮੀਨ ਧਸ ਗਈ ਤੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਦੇਖਦਿਆਂ ਹੀ ਦੇਖਦਿਆਂ ਦੋ ਮੰਜ਼ਿਲਾਂ ਮਕਾਨ ਵੀ ਡਿੱਗ ਗਿਆ।

ਸੂਚਨਾ ਮਿਲਦਿਆਂ ਹੀ ਮੌਕੇ 'ਤੇ ਸਥਾਨਕ ਪੁਲਿਸ ਤੇ ਫਾਇਰ ਵਿਭਾਗ, ਦਿੱਲੀ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਨਾਲ ਮਿਲ ਕੇ ਟੀਮਾਂ ਨਾਲੇ ਦੇ ਕੰਢੇ 'ਤੇ ਵਸੀਆਂ ਹੋਰ ਬਸਤੀਆਂ ਨੂੰ ਤੇਜ਼ੀ ਨਾਲ ਖ਼ਾਲੀ ਕਰਵਾਉਣ ਦੀ ਕੰਮ ਕਰ ਰਹੀਆਂ ਹਨ।

Posted By: Harjinder Sodhi