ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੇ ਤਿੰਨ ਹੋਰਾਂ ਖ਼ਿਲਾਫ਼ ਸੀਬੀਆਈ ਦੀ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਨੂੰ ਦੋ ਹਫਤਿਆਂ ਲਈ ਟਾਲ ਦਿੱਤੀ। ਸੀਬੀਆਈ ਨੇ ਕਰੋੜਾਂ ਰੁਪਏ ਦੇ ਸ਼ਾਰਧਾ ਚਿੱਟ ਫੰਡ ਮਾਮਲੇ 'ਚ ਉਸ ਦੀ ਜਾਂਚ 'ਚ ਸਹਿਯੋਗ ਨਾ ਕਰਨ ਦਾ ਇਨ੍ਹਾਂ ਲੋਕਾਂ 'ਤੇ ਦੋਸ਼ ਲਾਉਂਦੇ ਹੋਏ ਇਹ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਬੰਗਾਲ 'ਚ ਪੋਂਜੀ ਸਕੀਮ ਦੇ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪੀ ਸੀ। ਸੀਬੀਆਈ ਨੇ ਰਾਜੀਵ ਕੁਮਾਰ, ਸਾਬਕਾ ਮੁੱਖ ਸਕੱਤਰ ਮਲਯ ਕੁਮਾਰ ਡੇ ਤੇ ਸੂਬੇ ਦੇ ਡੀਜੀਪੀ ਵੀਰੇਂਦਰ ਕੁਮਾਰ ਖ਼ਿਲਾਫ਼ ਚਾਰ ਫਰਵਰੀ 2019 ਨੂੰ ਇਹ ਕਹਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ ਕਿ ਜਾਂਚ 'ਚ ਉਸ ਨੂੰ ਇਨ੍ਹਾਂ ਲੋਕਾਂ ਦਾ ਸਹਿਯੋਗ ਨਹੀਂ ਮਿਲ ਰਿਹਾ ਹੈ। ਸੀਬੀਆਈ ਨੇ ਕੁਮਾਰ ਦੀ ਜ਼ਮਾਨਤ ਰੱਦ ਕਰਨ ਤੋਂ ਇਲਾਵਾ ਹਿਰਾਸਤ 'ਚ ਰੱਖ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਦੀ ਮਨਜ਼ੂਰੀ ਦੇਣ ਦੀ ਵੀ ਅਪੀਲ ਕੀਤੀ ਸੀ ਕਿਉਂਕਿ ਪੁੱਛਗਿੱਛ ਦੌਰਾਨ ਉਹ ਟਾਲਮਟੋਲ ਕਰ ਰਹੇ ਸਨ। ਜਸਟਿਸ ਐੱਸ ਅਬਦੁੱਲ ਨਜੀਰ ਤੇ ਸੰਜੀਵ ਖੰਨਾ ਦੇ ਬੈਂਚ ਨੇ ਸੁਣਵਾਈ ਦੋ ਹਫਤਿਆਂ ਲਈ ਟਾਲ ਦਿੱਤੀ, ਕਿਉਂਕਿ ਉਹ ਫ੍ਰੈਂਕਲਿਨ ਟੈਂਪਲਟਨ ਦੀ ਛੇ ਮਿਊਚੁਅਲ ਫੰਡ ਯੋਜਨਾਵਾਂ ਨਾਲ ਜੁੜੇ ਮਾਮਲਿਆਂ ਦੀ ਆਖਰੀ ਸੁਣਵਾਈ ਕਰ ਰਿਹਾ ਹੈ।

Posted By: Susheel Khanna