Health Alert : ਕੋਰੋਨਾ ਮਹਾਮਾਰੀ ਇਕ ਵਾਰ ਫਿਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੌਰਾਨ, ਯੂਕੇ 'ਚ ਪ੍ਰਕਾਸ਼ਿਤ ਇਕ ਅਧਿਐਨ ਨੇ ਚਿੰਤਾ ਵਧਾ ਦਿੱਤੀ ਹੈ। ਇਸ ਨਵੇਂ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਦੇ ਮਰੀਜ਼ 10 ਦਿਨਾਂ ਤਕ ਦੂਸਰਿਆਂ 'ਚ ਇਨਫੈਕਸ਼ਨ ਫੈਲਾ ਸਕਦੇ ਹਨ। ਦੂਸਰੇ ਸ਼ਬਦਾਂ 'ਚ ਕਹੀਏ ਤਾਂ ਇਹ ਵਾਇਰਸ 10 ਦਿਨਾਂ ਤਕ ਐਕਟਿਵ ਰਹਿੰਦਾ ਹੈ ਤੇ ਸੰਪਰਕ 'ਚ ਆਉਣ 'ਤੇ ਦੂਸਰੇ ਇਨਸਾਨਾਂ 'ਚ ਫੈਲ ਸਕਦਾ ਹੈ। ਅਧਿਐਨ 'ਚ ਸਾਹਮਣੇ ਆਈ ਇਹ ਗੱਲ ਇਸ ਲਈ ਚਿੰਤਾਜਨਕ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਮੁਕਾਬਲਤਨ ਘੱਟ ਖ਼ਤਰਨਾਕ ਹੈ ਤੇ ਇਸ ਦੇ ਮਰੀਜ਼ ਆਮ ਤੌਰ 'ਤੇ 4-5 ਦਿਨਾਂ 'ਚ ਠੀਕ ਹੋ ਰਹੇ ਹਨ।

ਕੋਰੋਨਾ ਸਬੰਧੀ ਨਵਾਂ ਅਧਿਐਨ, ਜਾਣੋ ਕੀ ਲਿਖਿਆ ਹੈ ਰਿਪੋਰਟ 'ਚ

ਐਕਸੇਟਰ ਯੂਨੀਵਰਸਿਟੀ ਨੇ ਇਹ ਖੋਜ ਕੀਤੀ ਹੈ। ਇਸ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਵਾਇਰਸ ਪਹਿਲਾਂ ਤੋਂ ਪੁਸ਼ਟੀ ਕੀਤੇ ਗਏ ਇਨਫੈਕਸ਼ਨ ਵਾਲੇ ਲੋਕਾਂ 'ਚ ਕਿੰਨੇ ਦਿਨ ਤਕ ਸਰਗਰਮ ਰਹਿੰਦਾ ਹੈ। ਇਸ ਵਿਚ ਪਾਇਆ ਗਿਆ ਕਿ ਅਧਿਐਨ ਕੀਤੇ ਗਏ 176 ਲੋਕਾਂ 'ਚ 13% ਦਾ ਪੱਧਰ ਏਨਾ ਜ਼ਿਆਦਾ ਸੀ ਕਿ 10 ਦਿਨਾਂ ਤੋਂ ਬਾਅਦ ਵੀ ਉਹ ਦੂਸਰਿਆਂ ਨੂੰ ਇਨਫੈਕਟਿਡ ਕਰ ਰਹੇ ਸਨ।

ਰਿਪੋਰਟ ਮੁਤਾਬਕ ਇੰਗਲੈਂਡ ਸਮੇਤ ਕਈ ਦੇਸ਼ਾਂ 'ਚ ਅਜਿਹੇ ਸੰਕੇਤ ਮਿਲੇ ਹਨ। ਇੰਗਲੈਂਡ ਤੇ ਹੋਰ ਦੇਸ਼ਾਂ ਨੇ ਆਪਣੇ ਇੱਥੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਈਸੋਲੇਸ਼ਨ ਦਾ ਸਮਾਂ ਘਟਾ ਕੇ 5 ਦਿਨ ਕਰ ਦਿੱਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਦਫ਼ਤਰਾਂ 'ਚ ਮੁਲਾਜ਼ਮਾਂ ਦੀ ਕਮੀ ਹੋਣ ਲੱਗੀ ਸੀ, ਪਰ ਜਦੋਂ 5 ਦਿਨਾਂ ਬਾਅਦ ਇਨਫੈਕਟਿਡਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਤੋਂ ਦੂਸਰਿਆਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ ਪਾਇਆ ਗਿਆ।

ਅਧਿਐਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰੋਫੈਸਰ ਲਾਰੈਂਸ ਯੰਗ ਨੇ ਕਿਹਾ, ਇਹ ਅਧਿਐਨ ਉਨ੍ਹਾਂ ਚਿੰਤਾਵਾਂ ਦੀ ਪੁਸ਼ਟੀ ਕਰਦਾ ਹੈ ਕਿ ਸੈਲਫ-ਆਈਸੋਲੇਸ਼ਨ ਦੀ ਮਿਆਦ ਨੂੰ ਪੰਜ ਦਿਨਾਂ ਤਕ ਘਟਾਉਣ ਨਾਲ ਬੇਹੱਦ ਇਨਫੈਕਟਿਡ ਲੋਕਾਂ ਦੇ ਕੰਮ ਜਾਂ ਸਕੂਲ ਵਾਪਸੀ 'ਤੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਜਾਵੇਗਾ।

Posted By: Seema Anand