ਜਾਗਰਣ ਸੰਵਾਦਦਾਤਾ, ਲਖੀਮਪੁਰ ਖੀਰੀ : ਦੇਰੀ ਨਾਲ ਸਕੂਲ ਆਉਣ ’ਤੇ ਮੁੱਖ ਅਧਿਆਪਕ ਤੇ ਸਿੱਖਿਆਮਿੱਤਰ ਵਿਚਾਲੇ ਪਹਿਲਾਂ ਤਾਂ ਵਿਵਾਦ ਹੋਇਆ, ਫਿਰ ਖੂਬ ਕੁੱਟਮਾਰ ਹੋਈ। ਵਾਇਰਲ ਵੀਡੀਓ ’ਚ ਮੁੱਖ ਅਧਿਆਪਕ ਮਹਿਲਾ ਸਿੱਖਿਆਮਿੱਤਰ ਨੂੰ ਚੱਪਲਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਖੀਰੀ ਟਾਊਨ ਦੇ ਮਹੰਗੂਖੇਡ਼ਾ ਸੰਵਿਲੀਅਨ ਸਕੂਲ ਦੇ ਇਸ ਮਾਮਲੇ ’ਚ ਬੀਐੱਸਏ ਡਾ. ਲਕਸ਼ਮੀਕਾਂਤ ਪਾਂਡੇ ਨੇ ਮੁੱਖ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਤੇ ਦੋ ਬੀਈਓ ਦੇਵੇਸ਼ ਰਾਏ, ਸੁਭਾਸ਼ ਚੰਦ ਤੇ ਡੀਸੀ ਬਾਲਿਕਾ ਦੀ ਕਮੇਟੀ ਗਠਿਤ ਕਰ ਕੇ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆਮਿੱਤਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁੱਖ ਅਧਿਆਪਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਮਹੰਗੂਖੇਡ਼ਾ ਸਕੂਲ ’ਚ ਤਾਇਨਾਤ ਮਹਿਲਾ ਸਿੱਖਿਆਮਿੱਤਰ ਦਾ ਮੁੱਖ ਅਧਿਆਪਕ ਅਜੀਤ ਕੁਮਾਰ ਨਾਲ ਦੇਰੀ ਨਾਲ ਆਉਣ-ਜਾਣ ਨੂੰ ਲੈ ਕੇ ਅਕਸਰ ਵਿਵਾਦ ਹੁੰਦਾ ਸੀ। ਸਿੱਖਿਆਮਿੱਤਰ ਸ਼ੁੱਕਰਵਾਰ ਨੂੰ ਵੀ ਸਕੂਲ ਦੇਰੀ ਨਾਲ ਪੁੱਜੀ। ਉਦੋਂ ਤਕ ਮੁੱਖ ਅਧਿਆਪਕ ਨੇ ਰਜਿਸਟਰ ’ਤੇ ਕ੍ਰਾਸ ਲਾ ਦਿੱਤਾ ਸੀ। ਸਿੱਖਿਆਮਿੱਤਰ ਦਾ ਦੋਸ਼ ਹੈ ਕਿ ਉਹ ਸਮੇਂ ’ਤੇ ਆਉਂਦੀ ਹੈ। ਫਿਰ ਵੀ ਮੁੱਖ ਅਧਿਆਪਕ ਅਕਸਰ ਰਜਿਸਟਰ ’ਤੇ ਕ੍ਰਾਸ ਲਗਾ ਦਿੰਦੇ ਹਨ ਤੇ ਪਰੇਸ਼ਾਨ ਵੀ ਕਰਦੇ ਹਨ। ਸ਼ੁੱਕਰਵਾਰ ਨੂੰ ਵੀ ਇਸ ਸਬੰਧੀ ਵਿਵਾਦ ਹੋਇਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸਿੱਖਿਆਮਿੱਤਰ ਨੇ ਦੋਸ਼ ਲਾਇਆ ਕਿ ਮੁੱਖ ਅਧਿਆਪਕ ਨੇ ਚੱਪਲਾਂ ਨਾਲ ਉਸ ਦੀ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਹੋਰਨਾਂ ਸਹਿਯੋਗੀਆਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ। ਇਸ ਦੀ ਵੀਡੀਓ ਵਾਇਰਲ ਹੋਣ ’ਤੇ ਪੁਲਿਸ ਵੀ ਹਰਕਤ ’ਚ ਆ ਗਈ। ਅਜੀਤ ਕੁਮਾਰ ਨੇ ਵੀ ਥਾਣੇ ’ਚ ਸ਼ਿਕਾਇਤ ਦਿੱਤੀ ਹੈ। ਇੰਸਪੈਕਟਰ ਪ੍ਰਮੋਦ ਕੁਮਾਰ ਮਿਸ਼ਰਾ ਨੇ ਦੋਵਾਂ ਧਿਰਾਂ ਨੂੰ ਮੈਡੀਕਲ ਟੈਸਟ ਲਈ ਭੇਜ ਦਿੱਤਾ।

Posted By: Seema Anand