ਜਾਗਰਣ ਬਿਊਰੋ, ਨਵੀਂ ਦਿੱਲੀ : ਬਜ਼ੁਰਗਾਂ ਦੀ ਦੇਸ਼ 'ਚ ਤੇਜ਼ੀ ਨਾਲ ਵੱਧਦੀ ਗਿਣਤੀ ਨੂੰ ਦੇਖਦਿਆਂ ਸਰਕਾਰ ਹੁਣ ਉਨ੍ਹਾਂ ਦੀ ਦੇਖਭਾਲ ਨੂੰ ਲੈ ਕੇ ਹੋਰ ਵੀ ਜ਼ਿਆਦਾ ਫਿਕਰਮੰਦ ਹੈ। ਇਹ ਹੀ ਵਜ੍ਹਾ ਹੈ ਕਿ ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਹੁਣ ਉਹ ਸਿਖਲਾਈ ਦੇਣ ਦੀ ਤਿਆਰੀ 'ਚ ਰੁੱਝ ਗਈ ਹੈ। ਫਿਲਹਾਲ ਇਸ ਨੂੰ ਲੈ ਕੇ ਪੂਰੇ ਦੇਸ਼ 'ਚ ਰੀਜਨਲ ਰਿਸੋਰਸ ਤੇ ਟ੍ਰੇਨਿੰਗ ਸੈਂਟਰ (ਆਰਆਰਟੀਸੀ) ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਪਹਿਲੇ ਪੜਾਅ 'ਚ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਸਮੇਤ ਦਰਜਨ ਤੋਂ ਜ਼ਿਆਦਾ ਸੂਬਿਆਂ ਤੋਂ ਇਸ ਸਬੰਧੀ ਪ੍ਰਸਤਾਵ ਮੰਗੇ ਗਏ ਹਨ। ਮੌਜੂਦਾ ਸਮੇਂ 'ਚ ਦੇਸ਼ 'ਚ 60 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦੀ ਗਿਣਤੀ ਕਰੀਬ 14 ਕਰੋੜ ਦੇ ਨੇੜੇ-ਤੇੜੇ ਹੈ। ਸਾਲ 2026 ਤਕ ਇਹ ਗਿਣਤੀ 17 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ।

ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਮੁਤਾਬਕ ਆਰਆਰਟੀਸੀ ਦਾ ਮਕਸਦ ਦੇਸ਼ 'ਚ ਬਜ਼ੁਰਗਾਂ ਨੂੰ ਉਨ੍ਹਾਂ ਨਾਲ ਜੁੜੀਆਂ ਯੋਜਨਾਵਾਂ ਦਾ ਪੂਰਾ ਲਾਭ ਦਿਵਾਉਣਾ ਤੇ ਬਿਹਤਰ ਦੇਖਭਾਲ ਕਰਨਾ ਹੈ। ਇਸ ਲਈ ਇਸ ਖੇਤਰ 'ਚ ਕੰਮ ਕਰ ਰਹੀਆਂ ਸਵੈ-ਸੇਵੀ ਜਥੇਬੰਦੀਆਂ ਨੂੰ ਹੁਣ ਇਸ ਲਿਹਾਜ਼ ਨਾਲ ਤਿਆਰ ਕੀਤਾ ਜਾਵੇਗਾ ਕਿ ਉਹ ਬਜ਼ੁਰਗਾਂ ਦੀ ਦੇਖਭਾਲ ਹੋਰ ਬਿਹਤਰ ਤਰੀਕੇ ਨਾਲ ਕਰ ਸਕਣਗੇ। ਸਾਰੇ ਬਿਰਧ ਆਸ਼ਰਮਾਂ 'ਚ ਇਸ ਤਰ੍ਹਾਂ ਦੀਆਂ ਸਹੂਲਤਾਂ ਇਕੱਠੀਆਂ ਕਰਨ 'ਤੇ ਜ਼ੋਰ ਰਹੇਗਾ, ਜਿਥੇ ਉਨ੍ਹਾਂ ਲਈ ਡਾਕਟਰੀ ਸਹੂਲਤਾਂ ਲਾਜ਼ਮੀ ਰੂਪ 'ਚ ਮੌਜੂਦ ਹੋਣ।

ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਆਰਆਰਟੀਸੀ ਜ਼ਰੀਏ ਮਨੋਵਿਗਿਆਨਕ ਤੇ ਤਕਨੀਕੀ ਦੋਵੇਂ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਇਸ ਖੇਤਰ 'ਚ ਕੰਮ ਕਰਨ ਵਾਲੇ ਲੋਕ ਬਜ਼ੁਰਗਾਂ ਦੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਤੋਂ ਇਲਾਵਾ ਖਿਆਲ ਵੀ ਰੱਖਿਆ ਜਾ ਸਕੇ। ਦੇਸ਼ ਦੇ ਸਾਰੇ ਸੂਬਿਆਂ 'ਚ ਆਰਆਰਟੀਸੀ ਖੋਲ੍ਹਣ ਦਾ ਇਹ ਫ਼ੈਸਲਾ ਪਹਿਲਾਂ ਤੋਂ ਕਈ ਸੂਬਿਆਂ 'ਚ ਚੱਲ ਰਹੇ ਇਨ੍ਹਾਂ ਸੈਂਟਰਾਂ ਦੀ ਉਪਯੋਗਤਾ ਨੂੰ ਦੇਖਦਿਆਂ ਲਿਆ ਗਿਆ ਹੈ। ਹਾਲਾਂਕਿ ਹੁਣ ਤਕ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ।

ਇਨ੍ਹਾਂ ਸੂਬਿਆਂ ਤੋਂ ਮੰਗੇ ਗਏ ਹਨ ਪ੍ਰਸਤਾਵ

ਬਜ਼ੁਰਗਾਂ ਲਈ ਪਹਿਲਾਂ ਪੜਾਅ 'ਚ ਦੇਸ਼ ਦੇ ਜ਼ਿਲ੍ਹਾ ਸੂਬਿਆਂ 'ਚ ਰੀਜਨਲ ਰਿਸੋਰਸ ਐਂਡ ਟ੍ਰੇਨਿੰਗ ਸੈਂਟਰ ਖੋਲ੍ਹਣ ਲਈ ਪ੍ਰਸਤਾਵ ਮੰਗੇ ਗਏ ਹਨ, ਉਨ੍ਹਾਂ 'ਚ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਤਾਮਿਲਨਾਡੂ, ਪੰਜਾਬ, ਹਿਮਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਮਿਜ਼ੋਰਮ, ਅਰੁਨਾਚਲ ਪ੍ਰਦੇਸ਼, ਪੁਡੂਚੇਰੀ ਤੇ ਚੰਡੀਗੜ੍ਹ ਸ਼ਾਮਲ ਹਨ। ਫਿਲਹਾਲ ਸੂਬਿਆਂ ਨੇ ਇਹ ਪ੍ਰਸਤਾਵ 15 ਸਤੰਬਰ ਤਕ ਦੇਣੇ ਹਨ।