ਨਾਗਪੁਰ (ਪੀਟੀਆਈ) : ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਨਿਤਿਨ ਗਡਕਰੀ ਦੀ ਲੋਕ ਸਭਾ ਦੀ ਚੋਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਵੀਰਵਾਰ ਨੂੰ ਕੇਂਦਰੀ ਮੰਤਰੀ ਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਇਸ ਮਾਮਲੇ ਵਿਚ ਅਗਲੀ ਸੁਣਵਾਈ 22 ਅਗਸਤ ਨੂੰ ਕਰੇਗੀ।

ਜਸਟਿਸ ਏਐੱਸ ਚੰਦਰੂਕਰ ਦੇ ਸਿੰਗਲ ਬੈਂਚ ਨੇ ਇਹ ਨੋਟਿਸ ਕਾਂਗਰਸੀ ਆਗੂ ਨਾਨਾ ਪਟੋਲੇ, ਵੰਚਿਤ ਬਹੁਜਨ ਅਗਾਮੀ (ਵੀਬੀਏ) ਉਮੀਦਵਾਰ ਮਨੋਹਰ ਡਬਰੇਸ ਤੇ ਇਕ ਹੋਰ ਨਫੀਸ ਖ਼ਾਨ ਦੀ ਪਟੀਸ਼ਨ 'ਤੇ ਜਾਰੀ ਕੀਤੇ ਹਨ। ਇਨ੍ਹਾਂ ਲੋਕਾਂ ਨੇ ਚੋਣ ਪ੍ਰਕਿਰਿਆ ਦੌਰਾਨ ਬੇਨਿਯਮੀਆਂ ਦਾ ਦੋਸ਼ ਲਾਇਆ ਹੈ। ਦੱਸਣਾ ਬਣਦਾ ਹੈ ਕਿ ਪਟੋਲੇ ਤੇ ਡਬਰੇਸ ਲੋਕ ਸਭਾ ਚੋਣਾਂ 'ਚ ਗਡਕਰੀ ਵਿਰੁੱਧ ਉਮੀਦਵਾਰ ਸਨ। ਚੋਣਾਂ 'ਚ ਗਡਕਰੀ ਨੇ ਪਟੋਲੇ ਨੂੰ 1.97 ਲੱਖ ਵੋਟਾਂ ਨਾਲ ਹਰਾਇਆ ਸੀ। ਪਟੋਲੇ ਨੇ ਦਾਅਵਾ ਕੀਤਾ ਕਿ ਸੂਬਾਈ ਚੋਣ ਕਮਿਸ਼ਨ ਨੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਦਕਿ ਡਬਰੇਸ ਨੇ ਦੋਸ਼ ਲਾਇਆ ਹੈ ਕਿ ਮਤਦਾਨ ਦੌਰਾਨ ਖ਼ਰਾਬ ਈਵੀਐੱਮ ਦੀ ਵਰਤੋਂ ਕੀਤੀ ਗਈ। ਪਟੀਸ਼ਨਰਾਂ ਦੇ ਵਕੀਲਾਂ ਦੀ ਗੱਲ ਸੁਣਨ ਤੋਂ ਬਾਅਦ ਜਸਟਿਸ ਚੰਦਰੂਕਰ ਨੇ ਗਡਕਰੀ, ਚੋਣ ਕਮਿਸ਼ਨ ਤੇ ਜ਼ਿਲ੍ਹਾ ਅਧਿਕਾਰੀ (ਉਸ ਵੇਲੇ ਦੇ ਨਾਗਪੁਰ ਦੇ ਰਿਟਰਨਿੰਗ ਅਧਿਕਾਰੀ) ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨਰਾਂ ਵੱਲੋਂ ਲਾਏ ਗਏ ਦੋਸ਼ਾਂ 'ਤੇ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ।