ਪੱਤਰ-ਪੇ੍ਰਕ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੋਣ ਵਿੱਚ ਸ. ਹਰਮੀਤ ਸਿੰਘ ਕਾਲਕਾ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ। ਉਹਨਾਂ ਨੂੰ ਕੁਲ 29 ਵੋਟਾਂ ਪਈਆਂ ਤੇ ਇਸ ਮੌਕੇ ਉੱਤੇ ਇੱਕ ਵੋਟ ਰਾਖਵੀਂ ਰੱਖੀ ਗਈ। ਵੋਟ ਪਾਉਣ ਵਾਲਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਸਨ। ਇਸ ਮੌਕੇ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਬਾਕੀ ਮੈਂਬਰਾਂ ਦੇ ਨਾਲ-ਨਾਲ ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਇਸ ਚੋਣ ਦਾ ਬਾਈਕਾਟ ਕੀਤਾ ਅਤੇ ਦਿੱਲੀ ਪੁਲਿਸ ਤੇ ਧੱਕਾਜੋਰੀ ਦਾ ਇਲਜ਼ਾਮ ਲਾਇਆ। ਹਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਨੇ ਇਸ ਚੋਣ ਵਿਰੁੱਧ ਕੱਲ੍ਹ ਆਪਣੀ ਪਾਰਟੀ ਦੀ ਮੀਟਿੰਗ ਬੁਲਾਉਣ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਅੱਗੇ ਰਣਨੀਤੀ ਉਸ ਵਿੱਚ ਤੈਅ ਕਰਨਗੇ।

ਚੋਣ ਲਟਕਾਉਣ ਲਈ ਕਮੇਟੀ ਮੈਂਬਰਾਂ ਨੇ ਇਕ-ਦੂਜੇ ’ਤੇ ਲਾਏ ਦੋਸ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੋਣ ‘ਚੋਣ ਅਖਾੜਾ’ ਬਣ ਗਈ। ਸ਼ਨਿਚਵਾਰ ਨੂੰ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਗੁਰਦੁਆਰਾ ਚੋਣ ਡਾਇਰਕੈਟਰ ਨਰਿੰਦਰ ਸਿੰਘ ਦੇ ਆਦੇਸ਼ ’ਤੇ ਚੋਣ ਕਰਵਾਈ ਜਾ ਰਹੀ ਸੀ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ ਦੇ ਮੈਂਬਰ ਚੋਣ ਮੈਦਾਨ ’ਚ ਸਨ। ਭਾਜਪਾ ’ਚ ਗਏ ਮਨਜਿੰਦਰ ਸਿੰਘ ਸਿਰਸਾ ਧੜੇ ਨੇ ਆਪਣਾ ਸਮਰੱਥਨ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ। ਚੋਣ ਆਰੰਭ ਹੁੰਦੇ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੋ੍ਰ-ਟੈਂਪੂ ਚੇਅਰਮੈਨ ਲਾਇਆ ਗਿਆ ਤਾਂ ਮੈਂਬਰਾਂ ਨੇ ਉਨ੍ਹਾਂ ਦੇ ਨਾਂ ਤੇ ਇਤਰਾਜ਼ ਪ੍ਰਗਟ ਕੀਤਾ। ਫੇਰ ਅਕਾਲੀ ਦਲ ਨੇ ਗੁਰਦੇਵ ਸਿੰਘ ਨੂੰ ਪ੍ਰੋ-ਟੈਂਪੂ ਚੇਅਰਮੈਨ ਲਾਇਆ। ਮਾਮਲਾ ਉਦੋਂ ਉਲਝ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਆਪਣੀ ਵੋਟ ਸੰਗਤਾਂ ਨੂੰ ਦਿਖਾ ਕੇ ਪਾਈ ਤਾਂ ਇਕੋ ਦਮ ਚਾਰੇ ਪਾਸੇ ਰੌਲਾ ਪੈ ਗਿਆ। ਇਸ ਚੋਣ ’ਚ 51 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕਰਨੀ ਸੀ।ਪਰ ਅਜੇ ਤਿੰਨ ਵੋਟਾਂ ਹੀ ਪਈਆਂ ਸਨ ਕਿ ਮਾਮਲਾ ਇਕ ਦਮ ਉਲਝ ਗਿਆ। ਇਸ ਵਿਚਕਾਰ ਕਾਫ਼ੀ ਸਮੇਂ ਤਕ ਵੋਟਿੰਗ ਰੁਕੀ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਗੁਰਦੁਆਰਾ ਚੋਣ ਡਾਇਰੈਕਟਰ ਨਾਲ ਇਸ ਬਾਰੇ ਬਹਿਸ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਬਾਦਲ ਧੜੇ ਨੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਵਿਰੋਧੀ ਧਿਰ ਵੱਲੋਂ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਗੁਰਦੁਆਰਾ ਐਕਟ ’ਚ ਇਸ ਗੱਲ ਦੀ ਸਹੂਲਤ ਨਹੀਂ ਹੈ। ਐਕਟ ਅੰਦਰ ਗੁਪਤ ਵੋਟਿੰਗ ਕਰਵਾਉਣ ਦੀ ਸਹੂਲਤ ਹੈ ਤੇ ਪਰ ਬਾਦਲ ਧੜੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਕਮੇਟੀ ਮੈਂਬਰ ਆਪਸ ਅੰਦਰ ਉਲਝਦੇ ਹੋਏ ਨਜ਼ਰ ਆਏ। ਬਾਦਲ ਧੜੇ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਬੇਅਦਬੀ ਦੀ ਗੱਲ ਕਰਦੇ ਹੋਏ ਕਮਰੇ ’ਚੋਂ ਬਾਹਰ ਆ ਗਏ। ਮਾਹੌਲ ਗਰਮ ਹੁੰਦਾ ਦੇਖ ਕੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਹੋਰ ਪੁਲਿਸ ਫੋਰਸ ਮੰਗਵਾ ਲਈ।

Posted By: Jagjit Singh