ਅਨੂਪ ਕੁਮਾਰ, ਹਰਿਦੁਆਰ : ਹਰਿਦੁਆਰ ਕੁੰਭ-2021 ਨੂੰ ਸ਼ਾਨਦਾਰ, ਯਾਦਗਾਰ ਅਤੇ ਅਨੋਖਾ ਬਣਾਉਣ ਲਈ ਕੁੰਭ ਮੇਲਾ ਮੈਨੇਜਮੈਂਟ ਵੱਡੇ ਪੈਮਾਨੇ 'ਤੇ ਤਿਆਰੀ ਕਰ ਰਹੀ ਹੈ। ਵਿਸ਼ੇਸ਼ ਇਹ ਹੈ ਕਿ ਇਸ ਵਾਰ ਹਰਿਦੁਆਰ ਕੁੰਭ ਦਾ ਪ੍ਰਬੰਧ 'ਗ੍ਰੀਨ ਕੁੰਭ' ਦੀ ਥੀਮ 'ਤੇ ਹੋਵੇਗਾ। ਇਸ ਵਿਚ ਗੰਗਾ ਦੀ ਸ਼ੁੱਧਤਾ ਅਤੇ ਵਾਤਾਵਰਨ ਦੀ ਰੱਖਿਆ 'ਤੇ ਵਿਸ਼ੇਸ਼ ਫੋਕਸ ਰਹੇਗਾ। ਇਸ ਤਹਿਤ ਬਿਜਲਈ ਊਰਜਾ ਦਾ ਘੱਟ ਤੋਂ ਘੱਟ (ਲਗਪਗ ਸਿਫਰ) ਅਤੇ ਸੂਰਜੀ ਊਰਜਾ ਦੀ ਜ਼ਿਆਦਾ ਵਰਤੋਂ ਕਰਨ ਦੀ ਯੋਜਨਾ ਹੈ। ਕੁੰਭ ਦੇ ਇਤਿਹਾਸ ਵਿਚ ਪਹਿਲੀ ਵਾਰ ਗ੍ਰੀਨ ਕੁੰਭ ਦੀ ਥੀਮ 'ਤੇ ਕੁੰਭ ਮੇਲਾ ਸ਼ੁਭਆਰੰਭ ਸਮਾਗਮ ਕਰਵਾਇਆ ਜਾਵੇਗਾ। ਇਸ ਦੌਰਾਨ ਵੱਡੇ ਪੈਮਾਨੇ 'ਤੇ ਈਕੋ-ਫ੍ਰੈਂਡਲੀ ਆਤਿਸ਼ਬਾਜ਼ੀ ਅਤੇ ਲੇਜ਼ਰ ਸ਼ੋਅ ਕਰਵਾਉਣ ਦੀ ਤਿਆਰੀ ਹੈ। ਇਸ ਦੇ ਨਾਲ ਹੀ ਪੂਰਾ ਹਕਿ ਕੀ ਪੌੜੀ ਅਤੇ ਮੁੱਖ ਕੁੰਭ ਨਗਰ ਸੋਲਰ ਪਾਵਰ ਅਧਾਰਤ ਐੱਲਈਡੀ ਲਾਈਟਾਂ ਨਾਲ ਰੋਸ਼ਨ ਰਹੇਗਾ।

ਕੁੰਭ ਮੇਲਾ ਸਥਾਨ ਅਤੇ ਨਹਿਰ ਪਟੜੀ ਮਾਰ ਨੂੰ ਖੂਬਸੂਰਤ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲਗਾਏ ਜਾਣ ਵਾਲੇ 'ਹੈਰੀਟੇਜ ਪੋਲ' ਵੀ ਸੂਰਜੀ ਊਰਜਾ ਅਧਾਰਤ ਹੋਣਗੇ। ਪੂਰੇ ਮੇਲਾ ਖੇਤਰ ਨੂੰ ਗ੍ਰੀਨ ਖੇਤਰ ਐਲਾਨ ਕਰਕੇ ਇੱਥੇ ਸਾਰੇ ਡੀਜ਼ਲ-ਪੈਟਰੋਲ ਵਾਹਨਾਂ 'ਤੇ ਰੋਕ ਲਗਾਉਣ ਦੀ ਯੋਜਨਾ ਹੈ। ਸਿਰਫ਼ ਬੈਟਰੀ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਨੂੰ ਹੀ ਮੇਲਾ ਖੇਤਰ ਵਿਚ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ। ਇਸ ਲਈ ਵੱਡੇ ਪੈਮਾਨੇ 'ਤੇ ਸੂਰਜੀ ਊਰਜਾ ਨਾਲ ਚਾਰਜ ਹੋਣ ਵਾਲੇ ਰਿਕਸ਼ਾ, ਟੈਂਪੋ ਅਤੇ ਬੱਸਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਪੂਰੇ ਮੇਲਾ ਖੇਤਰ ਨੂੰ ਸ਼ਾਨਦਾਰ ਰੂਪ ਪ੍ਰਦਾਨ ਕਰਨ ਲਈ ਇਸ ਨੂੰ ਆਕਰਸ਼ਕ ਰੰਗਾਂ ਨਾਲ ਸਜਾਉਣ ਦੀ ਵੀ ਯੋਜਨਾ ਹੈ। ਇਸ ਵਿਚ ਵੀ ਸੂਰਜੀ ਊਰਜਾ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਸ਼ਾਮ ਢਲਦੇ ਹੀ ਕੁੰਭ ਮੇਲਾ ਖੇਤਰ ਦੀਆਂ ਇਮਾਰਤਾਂ ਸੂਰਜੀ ਊਰਜਾ ਨਾਲ ਸੰਚਾਲਤ ਵੱਖ-ਵੱਖ ਰੰਗਾਂ ਵਾਲੀਆਂ ਲੇਜ਼ਰ ਲਾਈਟਾਂ ਨਾਲ ਜਗਮਗ ਕਰਨ ਲੱਗਣਗੀਆਂ।

ਖ਼ਰਚ ਘੱਟ ਕਰਨ ਲਈ ਪ੍ਰਭਾਵਸ਼ਾਲੀ ਪ੍ਰੈਜੇਂਟੇਸ਼ਨ

ਕੁੰਭ ਮੇਲਾ ਅਧਿਕਾਰੀ ਦੀਪਕ ਰਾਵਤ ਦੱਸਦੇ ਹਨ ਕਿ 'ਗ੍ਰੀਨ ਕੁੰਭ' ਲਈ ਖ਼ਰਚ ਸੀਮਾ ਕਾਫ਼ੀ ਘੱਟ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਮੇਲਾ ਮੈਨੇਜਮੈਂਟ ਇਸ ਸਬੰਧੀ ਆਪਣੀ ਤਿਆਰੀ ਲਗਪਗ ਪੂਰੀ ਕਰ ਚੁੱਕਾ ਹੈ। ਹੁਣ ਸ਼ਾਸਨ ਪੱਧਰ 'ਤੇ ਸਿ ਦੀ ਮਨਜ਼ੂਰੀ ਲਈ ਪ੍ਰਭਾਵਸ਼ਾਲੀ ਪ੍ਰੈਜੇਂਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ।

ਮੇਲਾ ਖੇਤਰ ਨੂੰ ਖ਼ੁਸ਼ਬੂਦਾਰ ਬਣਾਉਣ ਦੀ ਤਿਆਰੀ

ਕੁੰਭ ਮੇਲਾ ਮੈਨੇਜਮੈਂਟ ਦੀ ਪੂਰੇ ਕੁੰਭ ਮੇਲਾ ਖੇਤਰ ਵਿਚ 24 ਘੰਟੇ ਖ਼ੁਸ਼ਬੂਦਾਰ ਵਾਤਾਵਰਨ ਬਣਾਏ ਰੱਖਣ ਦੀ ਵੀ ਖ਼ਾਸ ਤਿਆਰੀ ਹੈ। ਮੇਲਾ ਮੈਨੇਜਮੈਂਟ ਪੂਰੇ ਕੁੰਭ ਮੇਲਾ ਖੇਤਰ ਵਿਚ ਮੁਹਿੰਮ ਚਲਾ ਕੇ ਇਸ ਤਰ੍ਹਾਂ ਦੇ ਖ਼ੁਸ਼ਬੂਦਾਰ ਫੁੱਲਾਂ ਦੇ ਬੂਟੇ ਲਗਾਉਣ ਜਾ ਰਿਹਾ ਹੈ, ਜਿਹੜਾ ਦਿਨ-ਰਾਤ ਖ਼ੁਸ਼ਬੂ ਬਿਖੇਰਦੇ ਹਨ।

ਜਨਵਰੀ ਨਾਲ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋ ਜਾਵੇਗਾ ਗੰਗਾ ਦਾ ਪਾਣੀ

ਉੱਤਰਾਖੰਡ ਵਾਤਾਵਰਨ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਾਲੀਆ ਰਿਪੋਰਟ ਮੁਤਾਬਕ, ਗੋਮੁਖ ਤੋਂ ਲੈ ਕੇ ਰਿਸ਼ੀਕੇਸ਼ ਤਕ ਗੰਗਾ ਦੇ ਪਾਣੀ ਦੀ ਗੁਣਵੱਤਾ ਉੱਤਮ ਸ਼੍ਰੇਣੀ ਦੀ ਹੈ। ਰਿਸ਼ੀਕੇਸ਼ ਤੋਂ ਲੈ ਕੇ ਹਰਿਦੁਆਰ ਤਕ ਜ਼ਰੂਰ ਦਿੱਕਤ ਹੈ। ਹਰਿਦੁਆਰ ਵਿਚ ਗੰਗਾ ਦੇ ਪਾਣੀ ਦੇ ਕੁਝ ਨਮੂਨਿਆਂ ਵਿਚ ਕੁਝ ਇਕ ਸਥਾਨਾਂ 'ਤੇ ਫੀਕਲ ਕਾਲੀਫਾਰਮ (ਮਲ-ਮੂਤਰ) ਪਾਇਆ ਗਿਆ ਹੈ। ਹਾਲਾਂਕਿ, ਹੁਣ ਦੋਵੇਂ ਸ਼ਹਿਰਾਂ ਵਿਚ ਗੰਗਾ ਵਿਚ ਡਿੱਗ ਰਹੇ ਗੰਦੇ ਨਾਲਿਆਂ ਦੀ ਟੈਪਿੰਗ ਅਤੇ ਕੁਝ ਐੱਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟ) ਦੇ ਤਿਆਰ ਹੋਣ ਨਾਲ ਸਥਿਤੀ ਵਿਚ ਸੁਧਾਰ ਹੋਇਆ ਹੈ। ਆਗਾਮੀ ਜਨਵਰੀ ਵਿਚ ਇਹ ਸਮੱਸਿਆ ਪੂਰੀ ਤਰ੍ਹਾਂ ਨਾਲ ਹੱਲ ਹੋ ਜਾਵੇਗੀ, ਕਿਉਂਕਿ ਉਦੋਂ ਤਕ ਨਮਾਮਿ ਗੰਗੇ ਤਹਿਤ ਨਿਰਮਾਣ ਅਧੀਨ ਐੱਸਟੀਪੀ ਵੀ ਤਿਆਰ ਹੋ ਜਾਣਗੇ।

Posted By: Seema Anand