ਜੇਐੱਨਐੱਨ, ਹਰਿਦੁਆਰ : Haridwar Kumbh Mela 2021 : ਕੁੰਭ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਕੋਰੋਨਾ ਜਾਂਚ ਕ੍ਰਿਸਪਰ ਤਕਨੀਕ ਨਾਲ ਵੀ ਹੋ ਸਕੇਗੀ। ਰੋਜ਼ਾਨਾ ਸਾਢੇ ਸੱਤ ਹਜ਼ਾਰ ਸ਼ਰਧਾਲੂਆਂ ਦੀ ਇਸ ਤਕਨੀਕ ਨਾਲ ਜਾਂਚ ਕੀਤੀ ਜਾ ਸਕਦੀ ਹੈ। ਜਾਂਚ ਰਿਪੋਰਟ ਮਹਿਜ਼ ਦੋ ਘੰਟੇ 'ਚ ਆ ਜਾਵੇਗੀ। ਭਾਰਤੀ ਔਸ਼ਧੀ ਮਹਾ ਕੰਟਰੋਲਰ ਨੇ ਦੇਸ਼ ਦੇ ਪਹਿਲੇ ਕ੍ਰਿਸਪਰ ਕੋਵਿਡ-19 ਟੈਸਟ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਟਾਟਾ ਗਰੁੱਪ ਨੂੰ ਦਿੱਤੀ ਹੈ। ਹੁਣ ਸੀਐੱਸਆਰ ਫੰਡ ਤਹਿਤ ਕੁੰਭ ਪੁਲਿਸ ਦੀ ਦੇਖਰੇਖ ਵਿਚ ਟਾਟਾ ਗਰੁੱਪ ਮੈਡੀਕਲ ਐਂਡ ਡਾਇਗਨੋਸਟਿਕ ਦੀ ਟੀਮ ਆਪਣੀਆਂ ਚਾਰ ਮੋਬਾਈਲ ਵੈਨ ਨਾਲ ਕੁੰਭ ਮੇਲਾ ਖੇਤਰ 'ਚ ਮੌਜੂਦ ਰਹੇਗੀ ਤੇ ਕ੍ਰਿਸਪਰ ਤਕਨੀਕ ਨਾਲ ਕੋਰੋਨਾ ਜਾਂਚ ਕਰੇਗੀ। ਇਹ ਟੈਸਟ ਆਰਟੀਪੀਸੀਆਰ ਦੇ ਬਰਾਬਰ ਹੀ ਹੈ।

ਇਸ ਟੈਸਟ ਨੂੰ ਟਾਟਾ ਗਰੁੱਪ ਤੇ ਇੰਸਟੀਚਿਊਟ ਆਫ ਜੈਨੌਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ ਨੇ ਵਿਕਸਤ ਕੀਤਾ ਹੈ। ਆਈਜੀ ਕੁੰਭ ਮੇਲਾ ਸੰਜੈ ਗੁੰਜਿਆਲ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਤੋਂ ਇਲਾਵਾ ਪਾਰਕਿੰਗ ਤੇ ਹੋਰ ਖੇਤਰ ਜਿੱਥੇ ਵੀ ਜ਼ਰੂਰਤ ਪਵੇਗੀ, ਉੱਥੇ ਮੋਬਾਈਲ ਵੈਨ ਭੇਜ ਕੇ ਸੈਂਪਲ ਇਕੱਤਰ ਕਰਵਾਏ ਜਾਣਗੇ। ਟਾਟਾ ਗਰੁੱਪ ਨੂੰ ਲੈਬ ਲਈ ਜਗ੍ਹਾ ਦਿੱਤੀ ਜਾਵੇਗੀ।

ਕੀ ਹੈ ਕ੍ਰਿਸਪਰ ਜਾਂਚ

ਇਹ ਨਵੀਂ ਤਕਨੀਕ ਸੀਆਰਆਈਐੱਸਪੀਆਰ (ਕ੍ਰਿਸਪਰ) ਆਧਾਰਤ ਹੈ। ਇਸ ਤਕਨੀਕ 'ਚ ਸਮਾਰਟਫੋਨ ਕੈਮਰੇ ਨਾਲ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਇਸ ਵਿਚ ਸਮਾਰਟਫੋਨ ਕੈਮਰਾ ਇਕ ਮਾਈਕ੍ਰੋਸਕੋਪ ਵਾਂਗ ਕੰਮ ਕਰਦਾ ਹੈ ਜਿਸ ਵਿਚ ਇਕ ਰੋਸ਼ਨੀ ਜ਼ਰੀਏ ਇਹ ਪਤਾ ਲਗਾਇਆ ਜਾਂਦਾ ਹੈ ਕਿ ਟੈਸਟ ਦੀ ਰਿਪੋਰਟ ਪਾਜ਼ੀਟਿਵ ਹੈ ਜਾਂ ਨੈਗੇਟਿਵ। ਤਕਨੀਕ ਜ਼ਰੀਏ ਸਿੱਧੇ ਵਾਇਰਲ ਆਰਐੱਨਏ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਜਾਂਚ ਵਿਚ ਪਾਜ਼ੇਟਿਵ ਮਿਲੇ ਤਾਂ ਬਾਰਡਰ ਤੋਂ ਹੀ ਵਾਪਸੀ

ਮਹਾਰਾਸ਼ਟਰ, ਕੇਰਲ ਸਮੇਤ ਦੇਸ਼ ਦੇ ਪੰਜ ਸੂਬਿਆਂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੈ। ਮਾਘ ਪੂਰਨਿਮਾ ਇਸ਼ਨਾਨ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਮੇਲਾ ਖੇਤਰ ਤੇ ਜ਼ਿਲ੍ਹੇ ਦੀਆਂ ਸਰਹੱਦਾਂ 'ਤੇ ਕੋਵਿਡ ਦੀ ਰੈਂਡਮ ਜਾਂਚ ਲਈ 40 ਟੀਮਾਂ ਲਗਾਈਆਂ ਗਈਆਂ ਹਨ। ਪੰਜ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਲਾਜ਼ਮੀ ਜਾਂਚ ਕਰਵਾਉਣੀ ਪਵੇਗੀ। ਜਾਂਚ ਵਿ ਪਾਜ਼ੇਟਿਵ ਪਾਏ ਜਾਣੇ 'ਤੇ ਉਨ੍ਹਾਂ ਨੂੰ ਬਾਰਡਰ ਤੋਂ ਹੀ ਬੈਰੰਗ ਮੋੜ ਦਿੱਤਾ ਜਾਵੇਗਾ।

ਮਹਾਰਾਸ਼ਟਰ, ਗੁਜਰਾਤ, ਕੇਰਲ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਵੱਲੋਂ ਜ਼ਿਲ੍ਹੇ 'ਚ ਅਲਰਟ ਜਾਰੀ ਕੀਤਾ ਹੈ। ਮਾਘ ਪੂਰਨਿਮਾ ਇਸ਼ਨਾਨ ਨੂੰ ਲੈ ਕੇ ਨਾਰਸਨ, ਚਿੜੀਆਪੁਰ ਸਮੇਤ ਹੋਰ ਬਾਰਡਰ 'ਤੇ ਕੋਵਿਡ ਦੀ ਰੈਂਡਮ ਜਾਂਚ ਹੋਵੇਗੀ। ਵਿਸ਼ੇਸ਼ ਤੌਰ 'ਤੇ ਪੰਜ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਾਰਡਰ 'ਤੇ ਕੋਰੋਨਾ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਰੇਲਵੇ ਸਟੇਸ਼ਨ 'ਤੇ ਵੀ ਸ਼ਰਧਾਲੂਆਂ ਦੀ ਰੈਂਡਮ ਜਾਂਚ ਲਈ ਟੀਮ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਸੀਐੱਮਓ ਡਾ. ਐੱਸਕੇ ਝਾਅ ਅਨੁਸਾਰ ਹਰਕੀ ਪੌੜੀ, ਰੇਲਵੇ ਸਟੇਸ਼ਨ ਸਮੇਤ ਰੈਂਡਮ ਸੈਂਪਲਿੰਗ ਲਈ 40 ਟੀਮਾਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿਚ ਸਿਹਤ ਵਿਭਾਗ ਦੀਆਂ 10 ਤੇ ਬਾਕੀ ਨਿੱਜੀ ਲੈਬ ਦੀ ਟੀਮ ਹੈ। ਸਿਹਤ ਵਿਭਾਗ ਦੀ ਟੀਮ ਨੌਂ ਘੰਟੇ ਜਦਕਿ ਨਿੱਜੀ ਲੈਬ ਦੀ ਟੀਮ ਚੌਵੀ ਘੰਟੇ ਸੈਂਪਲਿੰਗ ਕਰੇਗੀ। ਇਸ ਤੋਂ ਇਲਾਵਾ ਥਰਮਲ ਸਕ੍ਰੀਨਿੰਗ ਲਈ 75 ਟੀਮਾਂ ਲਗਾਈਆਂ ਗਈਆਂ ਹਨ। ਪੰਜ ਆਰਜ਼ੀ ਮੈਡੀਕਲ ਕੈਂਪਾਂ 'ਚ ਵੀ ਥਰਮਲ ਸਕ੍ਰੀਨਿੰਗ ਤੇ ਮੈਡੀਕਲ ਟੀਮਾਂ ਤਾਇਨਾਤ ਰਹਿਣਗੀਆਂ। ਸੀਐੱਮਓ ਨੇ ਦੱਸਿਆ ਕਿ ਮੇਲੇ 'ਚ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ 34 ਐਂਬੂਲੈਂਸ ਦੀ ਵਿਵਸਥਾ ਕੀਤੀ ਗਈ ਹੈ।

Posted By: Seema Anand