ਹੌਟ ਗੌਸਿਪ ਕਿਸ ਤਰ੍ਹਾਂ ਨਾਲ ਭਾਰੀ ਪੈਂਦੀ ਹੈ ਕੋਈ ਕ੍ਰਿਕਟਰ ਹਾਰਦਿਕ ਪਾਂਡਿਆ ਕੋਲੋਂ ਪੁੱਛੇ। ਕਰਨ ਜੌਹਰ ਦੇ ਸਵਾਲਾਂ ਦੀ ਫਿਰਕੀ ਵਿਚ ਉਹ ਇਸ ਤਰ੍ਹਾਂ ਉਲਝੇ ਕਿ ਉਨ੍ਹਾਂ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਵਿਚ ਕੀ ਬੋਲ ਗਏ ਉਨ੍ਹਾਂ ਨੂੰ ਖ਼ੁਦ ਵੀ ਸਮਝ ਵਿਚ ਨਹੀਂ ਆਇਆ। ਹੁਣ ਬੇਸ਼ੱਕ ਮਾਫ਼ੀ ਮੰਗ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੈਂ ਸ਼ੋਅ ਦੇ ਨੇਚਰ ਅਨੁਸਾਰ ਭਾਵਨਾਵਾਂ ਵਿਚ ਵਹਿ ਗਿਆ ਸੀ ਪਰ ਬੀਸੀਸੀਆਈ ਨੇ ਉਨ੍ਹਾਂ 'ਤੇ ਦੋ ਮੈਚਾਂ ਦਾ ਬੈਨ ਲਾਉਣ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਔਰਤਾਂ ਖ਼ਿਲਾਫ਼ ਟਿੱਪਣੀ ਨੇ ਉਨ੍ਹਾਂ ਨੂੰ ਦਿਨ ਵਿਚ ਤਾਰੇ ਦਿਖਾ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਰੱਜ ਕੇ ਲਤਾੜਿਆ ਅਤੇ 'ਸੈਕਸਿਸਟ' ਕਰਾਰ ਦੇ ਦਿੱਤਾ। ਉਂਝ ਉਨ੍ਹਾਂ ਜੋ ਬੋਲਿਆ ਸੀ ਉਸ ਦੀ ਸਜ਼ਾ ਜੇਕਰ ਉਨ੍ਹਾਂ ਨੂੰ ਮਿਲਦੀ ਹੈ ਤਾਂ ਇਹ ਉਨ੍ਹਾਂ ਲੋਕਾਂ ਲਈ ਇਕ ਸਬਕ ਵਾਂਗ ਹੋਵੇਗੀ ਜੋ ਆਏ ਦਿਨ ਔਰਤਾਂ ਖ਼ਿਲਾਫ਼ ਟਿੱਪਣੀਆਂ ਕਰਦੇ ਹਨ ਅਤੇ ਉਨ੍ਹਾਂ ਪ੍ਰਤੀ ਆਪਣੇ ਮਨ ਵਿਚ ਭਰੇ ਉਨ੍ਹਾਂ ਪ੍ਰਤੀ ਅਪਮਾਨ ਨੂੰ ਖੁੱਲ੍ਹ ਕੇ ਦਰਸਾਉਂਦੇ ਹਨ। ਉਂਝ ਦੇਖਿਆ ਜਾਵੇ ਤਾਂ ਅੱਜਕੱਲ੍ਹ ਔਰਤਾਂ ਖ਼ਿਲਾਫ਼ ਟਿੱਪਣੀਆਂ ਕਰਨਾ ਫੈਸ਼ਨ ਜਿਹਾ ਬਣ ਗਿਆ ਹੈ।ਰਾਹੁਲ ਗਾਂਧੀ ਵੀ ਫਸੇ ਮੁਸ਼ਕਲ 'ਚ

ਰਾਫੇਲ ਜਹਾਜ਼ ਸੌਦੇ ਵਿਚ ਕਥਿਤ ਗੜਬੜੀ ਦੇ ਦੋਸ਼ਾਂ ਬਾਰੇ ਕਾਂਗਰਸ ਪ੍ਰਧਾਨ ਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਲੈ ਕੇ ਦਿੱਤਾ ਗਿਆ ਬਿਆਨ ਵੀ ਅੱਜਕੱਲ੍ਹ ਮੀਡੀਆ ਦੀਆਂ ਸੁਰਖੀਆਂ ਵਿਚ ਹੈ। ਉਨ੍ਹਾਂ ਨੇ ਘੇਰਨਾ ਸੀ ਪ੍ਰਧਾਨ ਮੰਤਰੀ ਨੂੰ ਪਰ ਸਸ਼ਕਤ ਔਰਤ ਨਿਰਮਲਾ ਸੀਤਾਰਮਣ 'ਤੇ ਟਿੱਪਣੀ ਕਰ ਕੇ ਉਨ੍ਹਾਂ ਨੇ ਸ਼ਬਦਾਂ ਦੀ ਚੋਣ ਦੀ ਕਮਜ਼ੋਰੀ ਨੂੰ ਸਾਬਿਤ ਕਰ ਦਿੱਤਾ। ਇਸ ਦੇ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਵੀ ਉਨ੍ਹਾਂ ਨੂੰ ਨੋਟਿਸ ਭੇਜ ਸਕਦਾ ਹੈ। ਰਾਹੁਲ ਗਾਂਧੀ ਨੇ ਇਕ ਰੈਲੀ ਵਿਚ ਦੋਸ਼ ਲਗਾਇਆ ਸੀ ਕਿ ਰਾਫੇਲ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੱਜ ਰਹੇ ਹਨ ਅਤੇ ਬਚਾਅ ਲਈ ਸੰਸਦ ਵਿਚ ਇਕ ਔਰਤ ਨੂੰ ਅੱਗੇ ਕਰ ਦਿੱਤਾ ਜਿਸ ਕਾਰਨ ਮਹਿਲਾ ਆਯੋਗ ਨੇ ਸਖ਼ਤ ਰੁਖ਼ ਅਪਣਾਇਆ ਹੈ।

Posted By: Seema Anand