ਮੁੰਬਈ (ਪੀਟੀਆਈ) : ਮੁੰਬਈ ਪੁਲਿਸ ਨੇ ਇਕ ਵਿਸ਼ੇਸ਼ ਅਦਾਲਤ ’ਚ ਕਿਹਾ ਹੈ ਕਿ ਹਨੂੰਮਾਨ ਚਾਲੀਸਾ ਵਿਵਾਦ ’ਚ ਉਹ 15 ਜੂਨ ਤਕ ਐੱਮਪੀ ਨਵਨੀਤ ਰਾਣਾ ਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਗਿ੍ਰਫ਼ਤਾਰ ਨਹੀਂ ਕਰੇਗੀ। ਪੁਲਿਸ ਨੇ ਰਾਣਾ ਜੋੜੇ ਦੀ ਜ਼ਮਾਨਤ ਰੱਦ ਕਰਨ ਲਈ ਪਟੀਸ਼ਨ ਲਗਾਈ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ ਹੁਣ 15 ਜੂਨ ਨੂੰ ਹੋਵੇਗੀ।

ਮੁੰਬਈ ਪੁਲਿਸ ਨੇ ਰਾਣਾ ਜੋੜੇ ਨੂੰ 23 ਅਪ੍ਰੈਲ ਨੂੰ ਉਦੋਂ ਗਿ੍ਰਫ਼ਤਾਰ ਕੀਤਾ ਸੀ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਬਾਂਦਰਾ ਸਥਿਤ ਨਿੱਜੀ ਰਿਹਾਇਸ਼ ਮਾਤੋਸ਼੍ਰੀ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ।

ਵਿਸ਼ੇਸ਼ ਜੱਜ ਆਰਐੱਨ ਰੋਕੜੇ ਨੇ ਪੰਜ ਮਈ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਰਾਣਾ ਜੋੜੇ ’ਤੇ ਕੁਝ ਸ਼ਰਤਾਂ ਲਾਉਂਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ’ਚ ਇਕ ਸ਼ਰਤ ਇਹ ਵੀ ਸੀ ਕਿ ਉਨ੍ਹਾਂ ਨੇ ਮਾਮਲੇ ਸਬੰਧੀ ਕੋਈ ਬਿਆਨਬਾਜ਼ੀ ਪੈ੍ਰੱਸ ਸਾਹਮਣੇ ਨਹੀਂ ਕਰਨੀ। ਜੱਜ ਨੇ ਇਹ ਵੀ ਕਿਹਾ ਸੀ ਕਿ ਜੇ ਜੋੜੇ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਮੁੰਬਈ ਪੁਲਿਸ ਨੇ 9 ਮਈ ਨੂੰ ਵਿਸ਼ੇਸ਼ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਮੰਗ ਕੀਤੀ ਸੀ ਕਿ ਰਾਣਾ ਜੋੜੇ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਬੁੱਧਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਤੇ ਬਡਨੇਰਾ ਦੇ ਵਿਧਾਇਕ ਰਵੀ ਰਾਣਾ ਨੇ ਪੁਲਿਸ ਦੀ ਪਟੀਸ਼ਨ ’ਤੇ ਸਾਂਝਾ ਜਵਾਬ ਦਾਖ਼ਲ ਕੀਤਾ। ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਪੁਲਿਸ ਜਾਂਚ ’ਚ ਕੋਈ ਦਖ਼ਲ ਦਿੱਤਾ ਤੇ ਨਾ ਹੀ ਮਾਮਲੇ ਨਾਲ ਸਬੰਧਿਤ ਕੋਈ ਜਨਤਕ ਬਿਆਨ ਦਿੱਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਲਈ ਕੋਈ ਠੋਸ ਕਾਰਨ ਦੇਣ ’ਚ ਵੀ ਨਾਕਾਮ ਰਹੀ ਹੈ। ਉਨ੍ਹਾਂ ਦੇ ਜਵਾਬ ਤੋਂ ਬਾਅਦ ਪੁੁਲਿਸ ਵੱਲੋਂ ਅਦਾਲਤ ਸਾਹਮਣੇ ਕਿਹਾ ਗਿਆ ਕਿ ਉਹ ਅਗਲੀ ਸੁਣਵਾਈ ਤਕ ਜੋੜੇ ਖ਼ਿਲਾਫ਼ ਕੋਈ ਸਜ਼ਾਯੋਗ ਕਾਰਵਾਈ ਨਹੀਂ ਕਰਨਗੇ। ਵਿਸ਼ੇਸ਼ ਅਦਾਲਤ ਨੇ ਇਸ ਨੂੰ ਮੰਨਦੇ ਹੋਏ ਮਾਮਲੇ ਦੀ ਸੁਣਵਾਈ 15 ਜੂਨ ਤਕ ਲਈ ਮੁਲਤਵੀ ਕਰ ਦਿੱਤੀ।

Posted By: Shubham Kumar