ਓਮ ਪ੍ਰਕਾਸ਼ ਤਿਵਾੜੀ, ਮੁੰਬਈ : ਦੇਸ਼ ’ਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਨੂੰ ਰਫ਼ਤਾਰ ਦੇਣ ਲਈ ਵੈਕਸੀਨ ਦੇ ਉਤਪਾਦਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਕੜੀ ’ਚ ਮੁੰਬਈ ਸਥਿਤ ਹਾਫਕਿਨ ਇੰਸਟੀਚਿਊਟ ’ਚ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦਾ ਉਤਪਾਦਨ ਕੀਤਾ ਜਾਣਾ ਹੈ ਪਰ ਇਥੇ ਉਤਪਾਦਨ ਸ਼ੁਰੂ ਹੋਣ ’ਚ ਹਾਲੇ ਘੱਟੋ-ਘੱਟ ਅੱਠ ਮਹੀਨੇ ਲੱਗਣਗੇ। ਇਥੇ ਹਰੇਕ ਸਾਲ ਵੈਕਸੀਨ ਦੀਆਂ 22.8 ਕਰੋੜ ਖ਼ੁਰਾਕਾਂ ਤਿਆਰ ਹੋਣਗੀਆਂ। ਦੇਸ਼ ਦੀ ਸਭ ਤੋਂ ਪੁਰਾਣੀ ਵੈਕਸੀਨ ਉਤਪਾਦਕ ਸੰਸਥਾ ਹਾਫਕਿਨ ਇੰਸਟੀਚਿਊਟ ਫਾਰ ਟ੍ਰੇਨਿੰਗ, ਰਿਸਰਚ ਤੇ ਟੈਸਟਿੰਗ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਬਾਇਓਟੈੱਕ ਵੱਲੋਂ ਵਿਕਸਿਤ ਪੂਰੀ ਤਰ੍ਹਾਂ ਸਵਦੇਸ਼ੀ ਕੋਵੈਕਸੀਨ ਦੇ ਉਤਪਾਦਨ ਦੀ ਆਗਿਆ ਮਿਲੀ ਹੈ। ਹਾਫਕਿਨ ਇੰਸਟੀਚਿਊਟ ਦੇ ਮੈਨੇਜਰ ਡਾਇਰੈਕਟਰ ਡਾ. ਸੰਦੀਪ ਰਾਠੌੜ ਨੇ ਜਾਗਰਣ ਨਾਲ ਗੱਲਬਾਤ ’ਚ ਕਿਹਾ ਕਿ ਕੇਂਦਰ ਤੋਂ ਆਗਿਆ ਮਿਲਣ ਤੋਂ ਬਾਅਦ ਸੰਸਥਾਨ ਕੋਰੋਨਾ ਵੈਕਸੀਨ ਦੇ ਉਤਪਾਦਨ ਦੀਆਂ ਤਿਆਰੀਆਂ ’ਚ ਰੁਝ ਗਿਆ ਹੈ। ਇਸ ਲਈ ਬਾਇਓ ਸੇਫਟੀ ਲੈਵਲ (ਬੀਐੱਸਐੱਲ)-3 ਲੈਬ ਤਿਆਰ ਕੀਤੀ ਜਾ ਰਹੀ ਹੈ। ਇਹ ਲੈਬ ਤਿਆਰ ਕਰਨ ’ਚ ਉਂਝ ਤਾਂ ਕਈ ਵਰ੍ਹੇ ਲੱਗ ਜਾਂਦੇ ਹਨ ਪਰ ਹਾਫਕਿਨ ਇੰਸਟੀਚਿਊਟ ਜੰਗੀ ਪੱਧਰ ’ਤੇ ਕੰਮ ਕਰਕੇ ਅਗਲੇ ਅੱਠ ਮਹੀਨਿਆਂ ’ਚ ਇਸ ਨੂੰ ਸਥਾਪਤ ਕਰ ਲਵੇਗਾ। ਲੈਬ ਤਿਆਰ ਕਰਨ ’ਚ ਕਰੀਬ 154 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ।

ਦੋ ਗੇੜਾਂ ’ਚ ਹੋਵੇਗਾ ਉਤਪਾਦਨ

ਡਾ. ਰਾਠੌੜ ਅਨੁਸਾਰ ਵੈਕਸੀਨ ਉਤਪਾਦਨ ਦਾ ਕੰਮ ਦੋ ਗੇੜਾਂ ’ਚ ਕੀਤਾ ਜਾਵੇਗਾ। ਪਹਿਲਾਂ ਕੱਚਾ ਮਾਲ ਤਿਆਰ ਕੀਤਾ ਜਾਵੇਗਾ। ਉਸ ਤੋਂ ਬਾਅਦ ਵੈਕਸੀਨ ਤਿਆਰ ਕਰ ਕੇ ਉਸ ਨੂੰ ਵਾਇਲਸ ਅਰਥਾਤ ਸ਼ੀਸ਼ੀਆਂ ’ਚ ਭਰਨ ਦਾ ਕੰਮ ਕੀਤਾ ਜਾਵੇਗਾ। ਹਾਫਕਿਨ ਇੰਸਟੀਚਿਊਟ ਹਰੇਕ ਸਾਲ ਵੈਕਸੀਨ ਦੀਆਂ 22.8 ਕਰੋੜ ਖ਼ੁਰਾਕਾਂ ਤਿਆਰ ਕਰੇਗਾ। ਇਸ ਦੀ ਵਰਤੋਂ ਕਿਥੇ ਤੇ ਕਿਸ ਤਰ੍ਹਾਂ ਕੀਤੀ ਜਾਵੇਗੀ, ਇਸ ਦਾ ਫ਼ੈਸਲਾ ਬਾਅਦ ’ਚ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਕਰਨਗੀਆਂ।

ਕੱਚੇ ਮਾਲ ਦੀ ਨਹੀਂ ਹੋਵੇਗੀ ਕਮੀ

ਉਨ੍ਹਾਂ ਨੇ ਕਿਹਾ ਕਿ ਵੈਕਸੀਨ ਲਈ ਕੱਚੇ ਮਾਲ ਦੀ ਕੋਈ ਕਮੀ ਨਹੀਂ ਹੋਵੇਗੀ, ਕਿਉਂਕਿ ਕੱਚਾ ਮਾਲ ਵੀ ਇਥੇ ਤਿਆਰ ਕੀਤਾ ਜਾਵੇਗਾ। ਢੁੱਕਵੇਂ ਕੱਚੇ ਮਾਲ ਦਾ ਇੰਤਜ਼ਾਮ ਕਰ ਕੇ ਹੀ ਹਾਫਕਿਨ ਇੰਸਟੀਚਿਊਟ ਕੋਵੈਕਸੀਨ ਦੀ ਉਤਪਾਦਨ ਸ਼ੁਰੂ ਕਰੇਗਾ।

ਕੇਂਦਰ ਤੇ ਸੂਬਾ ਸਰਕਾਰ ਤੋਂ ਮਿਲੀ ਹੈ ਮਦਦ

ਕੇਂਦਰ ਸਰਕਾਰ ਨੇ ਕੋਵੈਕਸੀਨ ਤਿਆਰ ਕਰਨ ਲਈ ਹਾਫਕਿਨ ਇੰਸਟੀਚਿਊਟ ਨੂੰ ਕੋਵਿਡ ਸੁਰੱਖਿਆ ਯੋਜਨਾ ਤਹਿਤ 65 ਕਰੋਡ਼ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਥੇ, ਮਹਾਰਾਸ਼ਟਰ ਸਰਕਾਰ ਸੰਸਥਾਨ ਨੂੰ 94 ਕਰੋਡ਼ ਰੁਪਏ ਦੀ ਗ੍ਰਾਂਟ ਦੇਵੇਗੀ। ਹਾਫਕਿਨ ਇੰਸਟੀਚਿਊਟ ਮਹਾਰਾਸ਼ਟਰ ਸਰਕਾਰ ਦਾ ਹੀ ਜਨਤਕ ਖੇਤਰ ਦਾ ਅਦਾਰਾ ਹੈ।

ਦੱਸਣਯੋਗ ਹੈ ਕਿ ਹਾਫਕਿਨ ਇੰਸਟੀਚਿਊਟ ਨੇ ਪਹਿਲੀ ਵਾਰ 1896 ’ਚ ਦੇਸ਼ ਨੂੰ ਪਲੇਗ ਦਾ ਟੀਕਾ ਬਣਾ ਕੇ ਦਿੱਤਾ ਸੀ। ਉਦੋਂ ਤੋਂ ਇਸ ਨੂੰ ਇਨਫੈਕਸ਼ਨ ਸਬੰਧੀ ਬਿਮਾਰੀਆਂ ’ਤੇ ਖੋਜ, ਸਿਖਲਾਈ ਤੇ ਟੈਸਟਿੰਗ ਲਈ ਜਾਣਿਆ ਜਾਂਦਾ ਹੈ।

Posted By: Tejinder Thind