ਸਟੇਟ ਬਿਊਰੋ, ਅਹਿਮਦਾਬਾਦ : ਆਪਣੇ ਸੰਸਦੀ ਖੇਤਰ ਦੇ ਐੱਨਆਰਆਈ ਪਰਿਵਾਰ ਦੀ ਰਾਤ ਨੂੰ ਤਲਾਸ਼ੀ ਲਏ ਜਾਣ ਤੇ ਕਥਿਤ ਦੁਰਵਿਹਾਰ ਤੋਂ ਨਾਰਾਜ਼ ਗੁਜਰਾਤ ਦੇ ਭਾਜਪਾ ਸੰਸਦ ਮੈਂਬਰ ਨੇ ਸਰਕਾਰ ਨੂੰ ਪੱਤਰ ਲਿਖ ਕੇ ਭਿ੍ਸ਼ਟ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਨ ਲਈ ਕਿਹਾ ਹੈ। ਖੇਡਾ ਤੋਂ ਭਾਜਪਾ ਸੰਸਦ ਮੈਂਬਰ ਦੇਵੂ ਸਿੰਘ ਚੌਹਾਨ ਨੇ ਸੂਬੇ ਦੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੂੰ ਲਿਖੇ ਪੱਤਰ 'ਚ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਇਲਾਕੇ ਦੇ ਬੋਰਸਦ ਵਾਸੀ ਐੱਨਆਰਆਈ ਪਰਿਵਾਰ ਅਮਰੀਕਾ ਦੇ ਨਿਊਜਰਸੀ ਤੋਂ ਅਹਿਮਦਾਬਾਦ ਪਰਤਿਆ ਸੀ। ਏਅਰਪੋਰਟ ਤੋਂ ਬਾਹਰ ਨਿਕਲਦੇ ਹੀ ਅੱਧੀ ਰਾਤ ਨੂੰ ਅਹਿਮਦਾਬਾਦ ਪੁਲਿਸ ਨੇ ਪਰਿਵਾਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਨਾਲ ਹੀ ਉਨ੍ਹਾਂ ਨਾਲ ਦੁਰਵਿਹਾਰ ਕੀਤਾ। ਪੀੜਤ ਪਰਿਵਾਰ ਨੇ ਪੂਰੀ ਕਾਰਵਾਈ ਦਾ ਵੀਡੀਓ ਬਣਾ ਕੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ। ਇਹ ਐੱਨਆਰਆਈ ਪਰਿਵਾਰ ਸਾਡੇ ਸੰਸਦੀ ਖੇਤਰ ਦੇ ਨਾਲ ਨਾਲ ਗੁਜਰਾਤ ਤੇ ਦੇਸ਼ ਦਾ ਨਾਂ ਅਮਰੀਕਾ 'ਚ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਨਾਲ ਅਜਿਹਾ ਵਿਵਹਾਰ ਗਲਤ ਹੈ। ਸੰਸਦ ਮੈਂਬਰ ਨੇ ਕਿਹਾ ਹੈ ਕਿ ਸੂਬੇ 'ਚ ਸ਼ਾਂਤੀ, ਅਨੁਸ਼ਾਸਨ ਬਣਾਏ ਰੱਖ ਤੇ ਭਿ੍ਸ਼ਟਾਚਾਰ ਨੂੰ ਕਾਬੂੁ 'ਚ ਕਰਨ ਲਈ ਸਰਕਾਰ ਨੇ ਵਿਵਸਥਾ ਬਣਾਈ ਹੈ, ਪਰ ਕੁਝ ਲੋਕ ਭਿ੍ਸ਼ਟਾਚਾਰ ਤੇ ਖਰਾਬ ਵਿਵਹਾਰ ਦੇ ਜ਼ਰੀਏ ਗੁਜਰਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਅਨਸਰਾਂ 'ਤੇ ਤੱਤਕਾਲ ਰੋਕ ਲਗਾਈ ਜਾਣੀ ਚਾਹੀਦੀ ਹੈ।