ਜੈਪੁਰ : ਰਾਜਸਥਾਨ 'ਚ ਪੰਜ ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਗੁੱਜਰ ਸੋਮਵਾਰ ਨੂੰ ਚੌਥੇ ਦਿਨ ਵੀ ਸਵਾਈ ਮਾਧੋਪੁਰ ਦੇ ਮਲਾਰਨਾ ਡੂੰਗਰ 'ਚ ਦਿੱਲੀ-ਮੁੰਬਈ ਰੇਲਵੇ ਟਰੈਕ 'ਤੇ ਡਟੇ ਰਹੇ। ਇਸ ਦੇ ਨਾਲ ਹੀ ਅੰਦੋਲਨ ਹੁਣ ਰੇਲ ਪੱਟੜੀਆਂ ਤੋਂ ਸੜਕਾਂ 'ਤੇ ਆ ਗਿਆ ਹੈ।

ਜੈਪੁਰ-ਆਗਰਾ ਹਾਈਵੇਅ ਦੇ ਨਾਲ ਹੀ ਗੁੱਜਰਾਂ ਨੇ ਰਾਜਸਥਾਨ ਦੇ ਕਈ ਜ਼ਿਲਿ੍ਹਆਂ 'ਚ ਸੜਕਾਂ ਜਾਮ ਕਰਕੇ ਆਵਾਜਾਈ ਠੱਪ ਕਰ ਦਿੱਤੀ। ਜੈਪੁਰ, ਦੌਸਾ, ਸਵਾਈ ਮਾਧੋਪੁਰ, ਕਰੌਲੀ, ਧੌਲਪੁਰ, ਭਰਤਪੁਰ, ਅਲਵਰ, ਅਜਮੇਰ, ਭੀਲਵਾੜਾ ਤੇ ਬੂੰਦੀ ਆਦਿ ਜ਼ਿਲਿ੍ਹਆਂ 'ਚ ਹੁਣ ਇਸ ਅੰਦੋਲਨ ਦਾ ਅਸਰ ਨਜ਼ਰ ਆ ਰਿਹਾ ਹੈ। ਕਈ ਜ਼ਿਲਿ੍ਹਆਂ ਵਿਚ ਧਾਰਾ-144 ਲਾਗੂ ਕੀਤੀ ਜਾ ਚੁੱਕੀ ਹੈ। ਉਧਰ ਰੇਲ ਗੱਡੀਆਂ ਪ੍ਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁੱਜਰ ਸਮਾਜ ਤੇ ਸਰਕਾਰ ਵਿਚਕਾਰ ਸ਼ਨਿਚਰਵਾਰ ਨੂੰ ਹੋਈ ਗੱਲਬਾਤ ਪਿੱਛੋਂ ਦੁਬਾਰਾ ਗੱਲਬਾਤ ਦੀ ਕੋਈ ਸੂਰਤ ਨਜ਼ਰ ਨਹੀਂ ਆ ਰਹੀ ਹੈ। ਗੁੱਜਰ ਨੇਤਾ ਕਰਨਲ ਕਿਰੋੜੀ ਸਿੰਘ ਬੈਂਸਲਾ ਆਪਣੇ ਅੰਦੋਲਨਕਾਰੀਆਂ ਨਾਲ ਮਲਾਰਨਾ ਡੂੰਗਰ 'ਚ ਹੀ ਰੇਲ ਪੱਟੜੀਆਂ 'ਤੇ ਡਟੇ ਹੋਏ ਹਨ। ਉਧਰ ਅੰਦੋਲਨ ਦੀ ਰਣਨੀਤੀ ਤਹਿਤ ਸੋਮਵਾਰ ਨੂੰ ਵੱਖ-ਵੱਖ ਜ਼ਿਲਿ੍ਹਆਂ 'ਚ ਗੁੱਜਰ ਸਮਾਜ ਦੀਆਂ ਪੰਚਾਇਤਾਂ ਹੋਈਆਂ ਤੇ ਇਸ ਤੋਂ ਬਾਅਦ ਰਾਹ ਰੋਕੇ ਗਏ।

ਸਭ ਤੋਂ ਜ਼ਿਆਦਾ ਅਸਰ ਜੈਪੁਰ-ਆਗਰਾ ਹਾਈਵੇ 'ਤੇ ਦਿਸਿਆ। ਦੌਸਾ ਦੇ ਕੋਲ ਸਿਕੰਦਰਾ ਚੌਕ 'ਤੇ ਗੁੱਜਰਾਂ ਨੇ ਜਾਮ ਲਾ ਦਿੱਤਾ। ਇਸ ਕਾਰਨ ਜੈਪੁਰ ਤੋਂ ਆਗਰਾ ਵਿਚਕਾਰ ਸੜਕ ਆਵਾਜਾਈ ਬੰਦ ਹੋ ਗਈ ਹੈ। ਇਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਲਿਆਏ ਬਿੱਲ ਤਾਂ ਹੀ ਕੇਂਦਰ ਕੁਝ ਕਰੇਗਾ

ਗੁੱਜਰ ਰਾਖਵਾਂਕਰਨ ਮਾਮਲੇ 'ਚ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਸਰਕਾਰ ਇਸ ਸਮੱਸਿਆ ਦਾ ਹੱਲ ਚਾਹੁੰਦੀ ਹੈ ਤਾਂ ਵਿਧਾਨ ਸਭਾ ਇਜਲਾਸ ਦੌਰਾਨ ਹੀ ਗੁੱਜਰਾਂ ਸਮੇਤ ਪੰਜ ਜਾਤਾਂ ਦੇ ਰਾਖਵੇਂਕਰਨ ਦਾ ਬਿੱਲ ਲੈ ਕੇ ਆਏ। ਉਸ ਨੂੰ ਪਾਸ ਕਰਵਾਏ ਤੇ ਉਸ ਨੂੰ ਕੇਂਦਰ ਸਰਕਾਰ ਕੋਲ ਭੇਜੇ। ਇਸ ਤੋਂ ਬਾਅਦ ਹੀ ਕੇਂਦਰ ਸਰਕਾਰ ਕੁਝ ਕਰੇਗੀ।